ਕੇਰਲ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਮੰਕੀਪੌਕਸ ਨੇ ਦਸਤਕ ਦੇ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਇਕ ਬੀਮਾਰ ਵਿਅਕਤੀ ਨੂੰ ਭਰਤੀ ਕਰਾਇਆ ਗਿਆ ਹੈ। ਇਸ ਵਿਅਕਤੀ ਦੀ ਉਮਰ 31 ਸਾਲ ਹੈ ਅਤੇ ਇਸਦੀ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਬੁਖਾਰ ਤੇ ਸਰੀਰ ਵਿਚ ਛਾਲੇ ਦਿਖਣ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਭਾਰਤ ਵਿਚ ਮੰਕੀਪੌਕਸ ਵਾਇਰਸ ਸੰਕਰਮਣ ਦਾ ਹੁਣ ਤੱਕ ਸਾਹਮਣੇ ਆਇਆ ਇਹ ਚੌਥਾ ਮਾਮਲਾ ਹੈ। ਹਾਲਾਂਕਿ ਇਹ ਪਹਿਲਾ ਕੇਸ ਹੈ ਜਿਸ ਵਿਚ ਸੰਕਰਮਿਤ ਵਿਅਕਤੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਸ ਤੋਂ ਪਹਿਲਾਂ ਤਿੰਨੋਂ ਮਾਮਲਿਆਂ ਵਿਚ ਸੰਕਰਮਿਤ ਲੋਕ ਹਾਲ ਹੀ ‘ਚ ਵਿਦੇਸ਼ ਯਾਤਰਾ ਤੋਂ ਪਰਤੇ ਸਨ।
ਕੇਰਲ ਦੇ ਕੰਨੂਰ ਵਿਚ 14 ਜੁਲਾਈ ਨੂੰ ਮੰਕੀਪੌਕਸ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਇਸ ਦੇ ਬਾਅਦ 22 ਜੁਲਾਈ ਤੱਕ ਕੁੱਲ 3 ਮਾਮਲੇ ਸਾਹਮਣੇ ਆ ਗਏ। ਇਨ੍ਹਾਂ ਵਿਚੋਂ ਦੋ ਯੂਏਈ ਤੋਂ ਪਰਤੇ ਸਨ ਜਦੋਂ ਕਿ ਇਕ ਵਿਅਕਤੀ ਥਾਈਲੈਂਡ ਤੋਂ ਆਇਆ ਸੀ।
ਇਹ ਵੀ ਪੜ੍ਹੋ : ਜੇਲ੍ਹਾਂ ‘ਚੋਂ ਨਸ਼ਾ ਰੋਕਣ ਲਈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਹੋਏ ਡੋਪ ਟੈਸਟ, 4000 ਕੈਦੀ ਆਏ ਪਾਜ਼ੀਟਿਵ
ਦੱਸ ਦੇਈਏ ਕਿ ਮੰਕੀਪੌਕਸ ਵਾਇਰਸ ਦੁਨੀਆ ਦੇ 70 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਦੇ ਇੰਨੇ ਤੇਜ਼ੀ ਨਾਲ ਫੈਲਣ ਨੂੰ ‘ਅਸਾਧਾਰਨ’ ਸਥਿਤੀ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਇਸ ਨੂੰ ਲੈ ਕੇ ਵਿਸ਼ਵਵਿਆਪੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਡਬਲਯੂਐਚਓ ਦੁਆਰਾ ਇਹ ਘੋਸ਼ਣਾ ਇਸ ਬਿਮਾਰੀ ਦੇ ਇਲਾਜ ਲਈ ਨਿਵੇਸ਼ ਵਿਚ ਤੇਜ਼ੀ ਲਿਆ ਸਕਦੀ ਹੈ ਅਤੇ ਇਸ ਨੇ ਇਸ ਬਿਮਾਰੀ ਲਈ ਇੱਕ ਟੀਕਾ ਵਿਕਸਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: