ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਦੇ ਨਾਲ-ਨਾਲ 8 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਸੀ ਕਿ ਇਹ ਲੋਕ ਐਂਬੂਲੈਂਸ ਜ਼ਰੀਏ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਤੇ ਯੂਪੀ ਤੋਂ ਨਸ਼ਾ ਲਿਆ ਕੇ ਪੰਜਾਬ ਵਿਚ ਵੇਚਦੇ ਸਨ।
SSP ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਦੱਪਰ ਟੋਲ ਪਲਾਜ਼ਾ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਚੈਕਿੰਗ ਲਈ ਇਕ ਐਂਬੂਲੈਂਸ ਨੂੰ ਰੋਕਿਆ ਗਿਆ। ਐਂਬੂਲੈਂਸ ਵਿਚ ਕੋਈ ਆਕਸੀਜਨ ਸਿਲੰਡਰ ਤੇ ਮੈਡੀਕਲ ਕਿੱਟ ਨਾ ਹੋਣ ਦੀ ਵਜ੍ਹਾ ਨਾਲ ਸ਼ੱਕ ਹੋਣ ‘ਤੇ ਤਲਾਸ਼ੀ ਲਈ ਗਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਐਂਬੂਲੈਂਸ ਵਿਚ 3 ਲੋਕ ਸਵਾਰ ਸਨ। ਇਕ ਚਾਲਕ, ਦੂਜਾ ਮਰੀਜ਼ ਤੇ ਤੀਜਾ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ। ਜਦੋਂ ਤਲਾਸ਼ੀ ਲਈ ਗਈ ਤਾਂ ਮਰੀਜ਼ ਬਣ ਕੇ ਲੈਂਦੇ ਹੋਏ ਵਿਅਕਤੀ ਦੇ ਸਿਰਹਾਣੇ ਕੋਲੋਂ 8 ਕਿਲੋ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਰਵੀ ਸ਼੍ਰੀਵਾਸਤਵ (28), ਹਰਿੰਦਰ ਸ਼ਰਮਾ (47) ਅਤੇ ਅੰਕਸ਼ੁ (27) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਉਮੀਦ ਹੈ ਕਿ ਇਨ੍ਹਾਂ ਤੋਂ ਹੋਰ ਵੀ ਕੋਈ ਅਹਿਮ ਖੁਲਾਸੇ ਹੋਣਗੇ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।