ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਡੇਰਾ ਮੁਖੀ ਵੱਲੋਂ ਇਕ ਨੌਜਵਾਨ ‘ਤੇ ਗੋਲੀ ਚਲਾਈ ਗਈ ਹੈ ਜਿਸ ਨਾਲ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਮਾਮੂਲੀ ਝਗੜੇ ਕਾਰਨ ਡੇਰੇ ਦੇ ਮਹੰਤ ਵੱਲੋਂ ਇਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਗਈ। ਪਿੰਡ ਹਰੀਗੜ੍ਹ ਦੇ ਭਗਵਾਨਪੁਰ ਡੇਰਾ ਵਿਖੇ ਦੋ ਧਿਰਾਂ ਆਪਸ ਵਿਚ ਆਹਮੋ-ਸਾਹਮਣੇ ਹੋ ਗਈਆਂ ਤੇ ਇਸ ਦੌਰਾਨ ਵਿਵਾਦ ਵਧ ਜਾਣ ਕਾਰਨ ਡੇਰਾ ਮੁਖੀ ਨੇ ਗੋਲੀ ਚਲਾ ਦਿੱਤੀ ਤੇ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜੋ ਕਿ ਹੁਣ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰ ਰਿਹਾ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਡੇਰਾ ਮੁਖੀ ਨੂੰ ਉਸ ਦੇ ਇਕ ਸਾਥੀ ਪਰਮਜੀਤ ਸਿੰਘ ਨੂੰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਬਾਰਾ ਬੋਰ ਦੀ ਸ਼ਾਰਟ ਗੰਨ ਤੇ ਇਕ ਰਾਈਫਲ ਮੌਕੇ ਤੋਂ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਪਿੰਡ ਹਰੀਗੜ੍ਹ ਵਿਚ ਇਕ ਡੇਰਾ ਭਗਵਾਨਪੁਰੀ ਹੈ ਜਿਸ ਦੀ ਸਾਂਭ ਸੰਭਾਲ ਪਿਛਲੇ 25 ਸਾਲਾਂ ਤੋਂ ਗੁਰਦੀਪ ਸਿੰਘ ਕਰ ਰਿਹਾ ਸੀ। ਮੀਂਹ ਕਾਰਨ ਡੇਰੇ ਅੰਦਰ ਪਾਣੀ ਭਰ ਜਾਂਦਾ ਹੈ ਇਸ ਲਈ ਪਿੰਡ ਦੇ ਲੋਕਾਂ ਨੇ ਡੇਰੇ ਵਿਚ ਮਿੱਟੀ ਪਾ ਕੇ ਉਸ ਨੂੰ ਉੱਚਾ ਚੁੱਕਣ ਲਈ ਪੈਸੇ ਇਕੱਠੇ ਕੀਤੇ।
ਸਵੇਰੇ ਜਦੋਂ ਮਿੱਟੀ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਡੇਰਾ ਮੁਖੀ ਇਸ ਦਾ ਵਿਰੋਧ ਕਰਨ ਲੱਗਾ ਤੇ ਝਗੜਾ ਵੱਧ ਗਿਆ ਜਿਸ ਤੋਂ ਬਾਅਦ ਡੇਰਾ ਮੁਖੀ ਨੇ ਗੋਲੀ ਚਲਾ ਦਿੱਤੀ। ਪਿੰਡ ਵਾਸੀਆਂ ਵੱਲੋਂ ਡੇਰਾ ਮੁਖੀ ‘ਤੇ ਗੁੰਡਾਗਰਦੀ ਕਰਨ ਦੇ ਨਾਲ-ਨਾਲ ਨਸ਼ਾ ਵੇਚਣ ਦਾ ਦਾ ਵੀ ਦੋਸ਼ ਲਗਾਇਆ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: