ਪਸ਼ੂਆਂ ਦੀ ਬੀਮਾਰੀ ਲੰਪੀ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪਸ਼ੂ ਪਾਲਣ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ 1650 ਜਦਕਿ ਲੁਧਿਆਣਾ ਵਿੱਚ ਸੋਮਵਾਰ ਨੂੰ 400 ਹੋਰ ਪਸ਼ੂ ਸਾਹਮਣੇ ਆਉਣ ਨਾਲ 5000 ਤੋਂ ਵੱਧ ਪਸ਼ੂ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਪਸ਼ੂਆਂ ਨੂੰ ਹੋਰਨਾਂ ਤੋਂ ਵੱਖ ਰਖਿਆ ਗਿਆ ਹੈ। ਇਸ ਬੀਮਾਰੀ ਨਾਲ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਹੁਣ ਤੱਕ 17 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ ਦੇ ਪਸ਼ੂ ਪਾਲਣ ਵਿਭਾਗ ਦੇ ਉਪ ਨਿਰਦੇਸ਼ਕ ਡਾ. ਪਰਮਦੀਪ ਵਾਲੀਆ ਨੇ ਪੁਸ਼ਟੀ ਕੀਤੀ ਕਿ ਹੁਣ ਤੱਕ ਇਥੇ ਇਨਫੈਕਟਿਡ ਪਸ਼ੂਆਂ ਦੀ ਗਿਣਤੀ 5000 ਦੇ ਪਾਰ ਪਹੁੰਚ ਗਈ ਹਨ। ਸੋਮਵਾਰ ਨੂੰ 400 ਨਵੇਂ ਮਾਮਲੇ ਸਾਹਮਣੇ ਆਏ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਜ਼ਿਲ੍ਹੇ ਵਿੱਚ 81 ਟੀਮਾਂ ਬੀਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਨਜ਼ਰ ਰਖ ਰਹੀਆਂ ਹਨ।
ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਡਾ. ਨਵਰਾਜ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਪਸ਼ੂ ਪਾਲਣ ਵਿਭਾਗ ਲੰਪੀ ਬੀਮਾਰੀ ਨਾਲ ਨਜਿੱਠਣ ਲਈ ਕੰਮ ਕਰ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 1650 ਪਸ਼ੂ ਇਸ ਬੀਮਾਰੀ ਤੋਂ ਪੀੜਤ ਮਿਲੇ ਹਨ, ਜਦਕਿ ਦੋ ਪਸ਼ੂਆਂ ਦੀ ਮੌਤ ਦੀ ਵੀ ਸੂਚਨਾ ਹੈ। ਇਨ੍ਹਾਂ ਪਸ਼ੂਆਂ ਦਾ ਇਲਾਜ ਸੰਬੰਧਤ ਵੇਟਰਨਰੀ ਅਧਿਕਾਰੀਆਂ ਤੇ ਵੈਟਰਨਰੀ ਇੰਸਪੈਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਹੁਣ ਤੱਕ ਸਾਰੇ ਪ੍ਰਭਾਵਿਤ ਪਸ਼ੂ ਸਿਰਫ ਗਾਵਾਂ ਹਨ। ਮੱਝਾਂ ਦੇ ਇਸ ਬੀਮਾਰੀ ਤੋਂ ਪ੍ਰਭਾਵਿਤ ਹੋਣ ਦਾ ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਪ੍ਰਭਾਵਿਤ ਪਸ਼ੂਆਂ ਦਾ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਦੋਸਤ ਨੂੰ ਗੈਂਗਸਟਰਾਂ ਤੋਂ ਧਮਕੀਆਂ, ਸਕਿਓਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮਿਲੇ ਹੁਕਮ
ਜ਼ਿਲ੍ਹੇ ਵਿੱਚ ਵਿਭਾਗ ਦੀਆਂ 55 ਟੀਮਾਂ ਇਲਾਜ ਤੇ ਵੈਕਸੀਨੇਸ਼ਨ ਕਰਨ ਦਾ ਕੰਮ ਕਰ ਰਹੀਆਂ ਹਨ। ਦੋ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਵੈਕਸੀਨ ਦੀਆਂ 4932 ਖੁਰਾਕਾਂ ਪਹੁੰਚੀਆਂ ਸਨ, ਜਿਨ੍ਹਾਂ ਵਿੱਚ 2516 ਖੁਰਾਕਾਂ ਪਸ਼ੂਆਂ ਨੂੰ ਲਾ ਦਿੱਤੀਆਂ ਗਈਆਂ ਹਨ, ਜਦਕਿ 2416 ਅੱਜ ਲਾਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: