ਪੰਜਾਬ ਵਿਚ ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀ ਮੰਗਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਲੁਧਿਆਣਾ ਵਿਚ ਆਪ ਵਿਧਾਇਕ ਤੋਂ 25 ਲੱਖ ਦੀ ਫਿਰੌਤੀ ਦੇ ਬਾਅਦ ਹੁਣ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਫਰਜ਼ੀ ਆਈਡੀ ਅਫਸਰ ਬਣ ਕੇ 3 ਕਰੋੜ ਰੁਪਏ ਮੰਗੇ ਜਾਣ ਦਾ ਮਾਮਲੇ ਸਾਹਮਣੇ ਆਇਆ ਹੈ।
ਲਗਾਤਾਰ ਆ ਰਹੇ ਫੋਨ ਕਾਲਸ ਤੋਂ ਪ੍ਰੇਸ਼ਾਨ ਹੋ ਕੇ ਸਾਬਕਾ ਵਿਧਾਇਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਟ੍ਰੈਪ ਲਗਾ ਕੇ ਪੈਸੇ ਵਸੂਲਣ ਆ ਰਹੇ ਨਕਲੀ ਈਡੀ ਅਧਿਕਾਰੀ ਨੂੰ ਤਲਵੰਡੀ ਚੌਧਰੀਆਂ ਪੁਲ ਕੋਲ ਕਾਬੂ ਕੀਤਾ।
ਥਾਣਾ ਸੁਲਤਾਨਪੁਰ ਲੋਧੀ ਵਿਚ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਪੂਰਥਲਾ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੂਚਨਾ ਦਿੱਤੀ ਕਿ ਅਣਪਛਾਤੇ ਵਿਅਕਤੀ ਮੋਬਾਈਲ ਨੈਟਵਰਕ ਤੇ ਵ੍ਹਟਸਐਪ ‘ਤੇ ਖੁਦ ਨੂੰ ਈਡੀ ਦਾ ਸੀਨੀਅਰ ਅਧਿਕਾਰੀ ਦੱਸ ਕੇ ਅਪਰਾਧਕ ਕੇਸ ਵਿਚ ਫਸਾਉਣ ਦੇ ਨਾਂ ‘ਤੇ 3 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ।
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਐੱਸਪੀ ਹਰਵਿੰਦਰ ਸਿੰਘ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਮਨਪ੍ਰੀਤ ਕੌਰ ਸ਼ੀਹਮਾਰ, ਸੀਆਈਏ ਇੰਚਾਰਜ ਇੰਸਪੈਕਟਰ ਜਰਨਲ ਸਿੰਘ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਇੰਸਪੈਕਟਰ ਜਸਮੇਲ ਕੌਰ ਦੀ ਇਕ ਟੀਮ ਬਣਾਈ। ਦੋਸ਼ੀ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਤਕਨੀਕ ਦੀ ਮਦਦ ਨਾਲ ਪੁਲਿਸ ਦੋਸ਼ੀ ਤੱਕ ਪਹੁੰਚੀ।
ਨਕਲੀ ਈਡੀ ਅਧਿਕਾਰੀ ਦੀ ਪਛਾਣ ਅਮਨ ਸ਼ਰਮਾ ਨਿਵਾਸੀ ਮੁਹੱਲਾ ਨਹਿਰੂ ਕਾਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿਚ ਸਿਆਸੀ ਹਸਤੀਆਂ ਦਾ ਫੋਨ ਕਰਕੇ ਪੈਸੇ ਮੰਗਣ ਅਤੇ ਧਮਕੀ ਭਰੇ ਕਾਲ ਆ ਰਹੇ ਹਨ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਕੇਸ ਵਿਚ ਖੁਦ ਨੂੰ ਈਡੀ ਅਧਿਕਾਰੀ ਦੱਸਣ ਵਾਲੇ ਅਮਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੋਸ਼ੀ ਤੋਂ ਪੁੱਛਗਿਛ ਜਾਰੀ ਹੈ। ਜੇਕਰ ਇਸ ਵਿਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੀਨ ‘ਚ ਹੁਣ ਲੰਗਯਾ ਵਾਇਰਸ ਦੀ ਐਂਟਰੀ, ਲੀਵਰ-ਕਿਡਨੀਆਂ ਕਰਦੈ ਫੇਲ੍ਹ, ਕੋਈ ਟੀਕਾ, ਇਲਾਜ ਨਹੀਂ
ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀ ਅਮਨ ਸ਼ਰਮਾ ਦਾ ਭਰਾ ਗੌਰਵ ਸ਼ਰਮਾ ਉਰਫ ਗੋਰਾ ਵੀ ਇਸੇ ਤਰ੍ਹਾਂ ਕਈ ਨੇਤਾਵਾਂ ਨੂੰ ਫੋਨ ਕਰਕੇ ਪੈਸੇ ਮੰਗਦਾ ਰਿਹਾ ਹੈ।ਉਸ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਇਸ ਸਮੇਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਮਨ ਸ਼ਰਮਾ ਨਿੱਜੀ ਤੌਰ ‘ਤੇ ਕਚਹਿਰੀ ਅੰਮ੍ਰਿਤਸਰ ਵਿਚ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: