ਪਟਿਆਲਾ ਜ਼ਿਲ੍ਹੇ ਦੇ ਸੂਰਾਂ ਦੇ ਸੈਂਪਲਾਂ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਅਹਿਤਿਆਤ ਦੇ ਤੌਰ ‘ਤੇ ਪੂਰੇ ਪੰਜਾਬ ਨੂੰ ਕੰਟਰੋਲਡ ਖੇਤਰ ਐਲਾਨ ਦਿੱਤਾ ਹੈ। ਸਰਕਾਰ ਨੇ ਸੂਰ ਜਾਂ ਇਸ ਨਾਲ ਸਬੰਧਤ ਕਿਸੇ ਵੀ ਸਾਮਾਨ ‘ਤੇ ਅੰਤਰਰਾਜੀ ਆਵਾਜਾਈ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਪਟਿਆਲਾ-ਚੀਕਾ ਰੋਡ, ਪਿੰਡ ਬਿਲਾਸਪੁਰ ਤੇ ਸਨੌਰੀ ਅੱਡਿਆਂ ਦੇ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿਚ ਸੂਰਾਂ ਦੀ ਮੌਤ ਫੀਵਰ ਦੇ ਕਾਰਨ ਹੋ ਰਹੀ ਸੀ। ਹੁਣ ਤੱਕ 300 ਤੋਂ ਵਧ ਸੂਰਾਂ ਦੀ ਮੌਤ ਹੋ ਚੁੱਕੀ ਹੈ।
ਸੂਰਾਂ ਦੇ ਖੂਨ ਦੇ ਸਕੈਬ ਦੀ ਜਾਂਚ ਰਿਪੋਰਟ ਵਿਚ ਅਫਰੀਕਨ ਸਵਾਈਨ ਫਲੂ ਦਾ ਖੁਲਾਸਾ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪਸ਼ੂ ਪਾਲਣ ਵਿਭਾਗ ਵਿਚ ਹੜਕੰਪ ਮਚ ਗਿਆ। ਇਸ ‘ਤੇ ਤੁਰੰਤ ਬੈਠਕ ਬੁਲਾਈ ਗਈ ਜਿਸ ਵਿਚ ਜ਼ਿਲ੍ਹੇ ਦੇ ਬਾਹਰ ਤੇ ਬਾਹਰ ਤੋਂ ਪਟਿਆਲਾ ਦੇ ਅੰਦਰ ਸੂਰਾਂ ਦੀ ਟਰਾਂਸਪੋਰਟੇਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਤੱਕ ਉਪਲਪਧ ਰਿਪੋਰਟ ਮੁਤਾਬਕ ਅਫਰੀਕਨ ਸਵਾਈਨ ਫਲੂ ਬੀਮਾਰੀ ਨਾਲ ਇਨਸਾਨਾਂ ਨੂੰ ਕੋਈ ਖਤਰਾ ਨਹੀਂ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਸੂਰਾਂ ਵਿਚ ਤੇਜ਼ ਬੁਖਾਰ, ਕੰਨਾਂ ਜਾਂ ਪੇਟ ‘ਚ ਖੂਨ ਦੇ ਧੱਬੇ ਤੇ ਅਚਾਨਕ ਵੱਡੀ ਗਿਣਤੀ ਵਿਚ ਮੌਤ ਹੋਣ ‘ਤੇ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰੋ। ਪਸ਼ੂ ਪਾਲਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 0715-2970225 ਜਾਰੀ ਕੀਤਾ ਗਿਆ ਹੈ। ਇਸ ‘ਤੇ ਉਹ ਇਸ ਬੀਮਾਰੀ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹਨ।
ਪ੍ਰਸ਼ਾਸਨ ਨੇ ਬੀਮਾਰੀ ਫੈਲਣ ਤੋਂ ਰੋਕਣ ਲਈ ਸੂਰ ਪਾਲਣ ਦਾ ਕੰਮ ਕਰਨ ਵਾਲੇ ਲੋਕਾਂ ਦੇ ਬੀਮਾਰੀ ਤੋਂ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਬਾਹਰੀ ਵਿਅਕਤੀ ਵੀ ਬੀਮਾਰੀ ਤੋਂ ਪ੍ਰਭਾਵਿਤ ਇਲਾਕੇ ਵਿਚ ਨਹੀਂ ਆਉਣਗੇ। ਸੂਰਾਂ ਦੀ ਹਰ ਕਿਸਮ ਦੀ ਆਵਾਜਾਈ ‘ਤੇ ਰੋਕ ਲਗਾਈ ਗਈ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਈ ਜ਼ਿੰਦਾ ਜਾਂ ਮਰਿਆ ਸੂਰ, ਸੂਰ ਦਾ ਮੀਟ, ਸੂਰ ਦੀ ਫੀਡ, ਸੂਰ ਫਾਰਮ ਦਾ ਕੋਈ ਸਾਮਾਨ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਂ ਬਾਹਰੀ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿਚ ਲਿਜਾਣ ਦੀ ਮਨਾਹੀ ਹੋਵੇਗੀ।
ਪਟਿਆਲਾ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਦੇ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਬਿਲਾਸਪੁਰ ਤੇ ਸਨੌਰੀ ਅੱਡੇ ਦੇ ਖੇਤਰਾਂ ਨੂੰ ਇਸ ਬੀਮਾਰੀ ਦੇ ਕੇਂਦਰ ਵਜੋਂ ਨੋਟੀਫਾਈ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: