ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਨਰਸਿੰਗ ਹੋਸਟਲ ਵਿਚ ਕੁਝ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨਰਸਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਨਰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੀ ਨਰਸ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਜ਼ਖਮੀ ਨਰਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਵਾਰਦਾਤ ਦੇਰ ਰਾਤ ਦੋ ਵਜੇ ਦੀ ਦੱਸੀ ਜਾ ਰਹੀ ਹੈ। ਜਿਸ ਨਰਸ ਦੀ ਹੱਤਿਆ ਹੋਇਆ ਹੈ ਉਸ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਤਹਿਤ ਆਉਂਦੇ ਬਿਆਸ ਦੀ ਬਲਵਿੰਦਰ ਕੌਰ ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਨਰਸ ਦੀ ਪਛਾਣ ਜੋਤੀ ਵਜੋਂ ਹੋਈ ਹੈ। ਜੋਤੀ ਫਗਵਾੜਾ ਦੀ ਰਹਿਣ ਵਾਲੀ ਹੈ। ਦੋਵਾਂ ‘ਤੇ ਦੇਰ ਰਾਤ ਹਮਲਾ ਹੋਸਟਲ ਦੀ ਛੱਤ ‘ਤੇ ਹੋਇਆ।
ਕਤਲ ਦੀ ਸੂਚਨਾ ਮਿਲਦੇ ਹੀ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ। ਸਟਾਫ ਤੁਰੰਤ ਪ੍ਰਭਾਵ ਨਾਲ ਹੋਸਟਲ ਦੀ ਛੱਤ ਵੱਲ ਭੱਜਿਆ। ਦੇਖਿਆ ਤਾਂ ਬਲਵਿੰਦਰ ਤੇ ਜੋਤੀ ਖੂਨ ਨਾਲ ਲੱਥਪਥ ਪਈਆਂ ਸਨ। ਸਟਾਫ ਨੇ ਚੈੱਕ ਕੀਤਾ ਤਾਂ ਬਲਵਿੰਦਰ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਬੇਹੋਸ਼ ਪਈ ਜੋਤੀ ਦੇ ਸਾਹ ਚੱਲ ਰਹੇ ਸਨ।
ਜੋਤੀ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਜੋਤੀ ਦੇ ਸਰੀਰ ‘ਤੇ ਕਈ ਤੇਜ਼ਧਾਰ ਹਥਿਆਰਾਂ ਦੇ ਜ਼ਖਮ ਹਨ ਤੇ ਖੂਨ ਵੀ ਕਾਫੀ ਵਹਿ ਗਿਆ ਹੈ। ਜੋਤੀ ਦੀ ਹਾਲਤ ਹਸਪਤਾਲ ਵਿਚ ਚਿੰਤਾਜਨਕ ਬਣੀ ਹੋਈ ਹੈ। ਉਹ ਜ਼ਿੰਦਗੀ ਤੇ ਮੌਤ ਵਿਚ ਜੰਗ ਲੜ ਰਹੀ ਹੈ। ਪੁਲਿਸ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵੀ ਮਰਡਰ ਦੀ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ।
ਪੁਲਿਸ ਨੂੰ ਮੌਕੇ ‘ਤੇ ਤੇਜ਼ਧਾਰ ਹਥਿਆਰ ਦਾ ਇਕ ਟੁੱਟਿਆ ਹੋਇਆ ਟੁਕੜਾ ਮਿਲਿਆ ਹੈ। ਪੁਲਿਸ ਨੇ ਹਸਪਤਾਲ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਹਸਪਤਾਲ ਤੋਂ ਹੋ ਕੇ ਨਰਸਿੰਗ ਹੋਸਟਲ ਵਿਚ ਨਹੀਂ ਗਏ ਸਗੋਂ ਛੱਤ ਦੇ ਰਸਤੇ ਨਰਸਾਂ ਕੋਲ ਪਹੁੰਚੇ ਸਨ। ਕਤਲ ਦੇ ਬਾਅਦ ਵਾਪਸ ਵੀ ਉਸੇ ਰਸਤੇ ਤੋਂ ਪਰਤੇ।
ਹਸਪਤਾਲ ਵਿਚ ਕੰਮ ਕਰ ਰਹੀ ਇਕ ਨਰਸ ਨੇ ਦੱਸਿਆ ਕਿ ਬੀਤੇ ਦਿਨੀਂ ਜੋਤੀ ਦੀ ਤਬੀਅਦ ਠੀਕ ਨਹੀਂ ਸੀ, ਇਸ ਲਈ ਉਹ ਕੰਮ ਲਈ ਹੇਠਾਂ ਹਸਪਤਾਲ ਨਹੀਂ ਆਈ। ਬੀਤੀ ਰਾਤ ਲਗਭਗ 2 ਵਜੇ ਇਕ ਹੋਰ ਨਰਸ ਜਦੋਂ ਉਪਰ ਗਈ ਤਾਂ ਉਸ ਦੇ ਹੋਸ਼ ਉਡ ਗਏ। ਜੋਤੀ ਤੇ ਬਲਵਿੰਦਰ ਦੋਵੇਂ ਖੂਨ ਨਾਲ ਲੱਥਪੱਥ ਪਈਆਂ ਸਨ। ਹਸਪਤਾਲ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: