ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਇਹ ਉੱਤਰ ਭਾਰਤ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਸੰਸਥਾ ਹੋਵੇਗੀ। ਇਸ ਵਿਚ ਨੌਜਵਾਨਾਂ ਨੂੰ ਅੱਗ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਨਵੇਂ ਤਰੀਕੇ ਸਿਖਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕ ਇਹ ਹਾਈਟੈੱਕ ਸੰਸਥਾ ਐੱਸਏਐੱਸ ਨਗਰ ਦੇ ਲਾਲੜੂ ਕਸਬੇ ਵਿਚ ਬਣੇਗਾ। ਲਗਭਗ 20 ਏਕੜ ਖੇਤਰ ਵਿਚ ਬਣਨ ਵਾਲੀ ਇਸ ਸੰਸਥਾ ਨੂੰ ਭਾਰਤ ਸਰਕਾਰ ਤੋਂ ਮਾਨਤਾ ਮਿਲੇਗੀ ਤੇ ਇਹ ਪੰਜਾਬ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਅਧੀਨ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਹਾਈਟੈੱਕ ਤਕਨੀਕਾਂ ਦੀ ਉੱਚ ਪੱਧਰੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿਚ ਅੱਗ ਬੁਝਾਉਣ, ਰੈਸਕਿਊ ਕਰਨ, ਫਾਇਰ ਐੈਕਟ, ਰਾਜ ਐਕਟ, ਨੈਸ਼ਨਲ ਬਿਲਡਿੰਗ ਕੋਡ, ਫਾਇਰ ਸੇਫਟੀ ਸਟੈਂਡਰਡ, ਇੰਡਸਟਰੀਅਲ ਸਟੈਂਡਰਡ, ਐਮਰਜੈਂਸੀ ਰਿਸਪਾਂਸ ਸਿਸਟਮ, ਸਪੈਸ਼ਲ ਸਰਵਿਸ ਕਾਲ, ਐਮਰਜੈਂਸੀ ਸਿਚੂਏਸ਼ਨ ਆਦਿ ‘ਤੇ ਕੋਰਸ ਕਰਵਾਏ ਜਾਣਗੇ। ਇਸ ਵਿੱਚ ਵਿਦਿਆਰਥੀਆਂ ਨੂੰ ਹਾਈਟੈਕ ਸੁਰੱਖਿਆ ਉਪਕਰਨਾਂ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਭਾਗੀ ਤਰੱਕੀ ਦੇ ਮੌਕੇ ਮਿਲਣਗੇ।
ਡਾ. ਨਿੱਝਰ ਅਨੁਸਾਰ ਇਹ ਸਿਖਲਾਈ ਅੰਤਰਰਾਸ਼ਟਰੀ ਪੱਧਰ ਦੇ ਇੰਸਟ੍ਰਕਟਰਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਖਲਾਈ ਲਈ ਪੰਜਾਬ ਫਾਇਰ ਸਰਵਿਸਿਜ਼ ਵਿੱਚ ਕੰਮ ਕਰਦੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਸੰਸਥਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗੀ। ਇਸ ਤੋਂ ਇਲਾਵਾ ਜੋ ਅਧਿਕਾਰੀ ਅਤੇ ਕਰਮਚਾਰੀ ਪਹਿਲਾਂ ਹੀ ਫਾਇਰ ਸੇਵਾਵਾਂ ਵਿੱਚ ਸੇਵਾ ਨਿਭਾਅ ਰਹੇ ਹਨ, ਉਹ ਵੀ ਬਿਹਤਰ ਮੌਕਿਆਂ ਲਈ ਇਸ ਸੰਸਥਾ ਤੋਂ ਉੱਨਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: