ਭਾਰਤ-ਪਾਕਿਸਤਾਨ ਮੈਚ ਵਿਚ ਕੈਚ ਛੱਡਣ ਕਾਰਨ ਟ੍ਰੋਲ ਹੋ ਰਹੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦਾ ਸਾਥ ਮਿਲਿਆ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਜੋ ਇਸ ਵੇਲੇ ਦੁਬਈ ਵਿਖੇ ਹਨ, ਨਾਲ ਫ਼ੋਨ ਉੱਤੇ ਗੱਲਬਾਤ ਕਰਕੇ ਕਿਹਾ ਕਿ ਪੰਜਾਬ ਅਤੇ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ। ਖੇਡ ਮੰਤਰੀ ਨੇ ਏਸ਼ੀਆ ਕੱਪ ਦੇ ਬਾਕੀ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਦੇ ਦੇਸ਼ ਵਾਪਸੀ ਉੱਤੇ ਉਹ ਖ਼ੁਦ ਸਵਾਗਤ ਕਰਨ ਜਾਣਗੇ।
ਉਨ੍ਹਾਂ ਕਿਹਾ ਕਿ ਅਰਸ਼ਦੀਪ ਦੇਸ਼ ਦਾ ਪ੍ਰਤਿਭਾਵਾਨ ਖਿਡਾਰੀ ਹੈ ਜਿਸ ਨੂੰ ਟੀਮ ਦਾ ਕਪਤਾਨ ਅਹਿਮ ਮੌਕੇ ਉੱਤੇ ਗੇਂਦਬਾਜ਼ੀ ਕਰਵਾਉਂਦਾ ਹੈ। ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਆਪਣੀ ਪ੍ਰਤਿਭਾ ਦੇ ਦਮ ‘ਤੇ 140 ਕਰੋੜ ਦੀ ਆਬਾਦੀ ‘ਚੋਂ 11 ਖਿਡਾਰੀਆਂ ਦੀ ਟੀਮ ਵਿਚ ਖੇਡ ਰਿਹਾ ਹੈ। ਹਰ ਕਿਸੇ ਦਾ ਚੰਗਾ-ਬੁਰਾ ਦਿਨ ਹੁੰਦਾ ਹੈ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਰਸ਼ਦੀਪ ਆਪਣੀ ਖੇਡ ‘ਤੇ ਫੋਕਸ ਕਰੇ। ਜਦੋਂ ਉਹ ਪੰਜਾਬ ਆਏਗੀ ਤਾਂ ਏਅਰਪੋਰਟ ਤੋਂ ਢੋਲ ਵਜਾ ਕੇ ਉਹ ਨਾਲ ਲੈ ਕੇ ਆਉਣਗੇ।
ਇਹ ਵੀ ਪੜ੍ਹੋ : “ਅਧਿਆਪਕ ਦਿਵਸ” ਮੌਕੇ CM ਮਾਨ ਨੇ ਅਧਿਆਪਕਾਂ ਲਈ ਕੀਤਾ ਵੱਡਾ ਐਲਾਨ
ਅਰਸ਼ਦੀਪ ਦੀ ਮਾਂ ਬਲਜੀਤ ਕੌਰ ਨੇ ਕਿਹਾ ਕਿ ਰਾਤ ਨੂੰ ਅਰਸ਼ਦੀਪ ਕਾਫੀ ਨਿਰਾਸ਼ ਸੀ। ਮੈਂ ਉਸ ਨੂੰ ਕਾਫੀ ਸਮਝਾਇਆ। ਉਨ੍ਹਾਂ ਕਿਹਾ ਕਿ ਕੱਲ੍ਹ ਸਾਰਿਆਂ ਦਾ ਮੂੰਹ ਬੰਦ ਹੋ ਜਾਵੇਗਾ। ਮਾਂ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਪੂਰੀ ਟੀਮ ਅਰਸ਼ਦੀਪ ਦੇ ਨਾਲ ਹੈ।
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਿਰਫ ਇਕ ਕੈਚ ਛੱਡਣ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਜਿਹੀਆਂ ਚੀਜ਼ਾਂ ਤੇ ਖਾਸ ਤੌਰ ‘ਤੇ ਦਬਾਅ ਵਾਲਾ ਹਾਲਾਤ ਵਿਚ ਹੋ ਜਾਂਦੀ ਹੈ। ਸਾਨੂੰ ਆਪਣੇ ਖੇਡ ਨਾਇਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨਿਰਾਸ਼ ਨਾ ਹੋਵੇ, ਤੁਹਾਨੂੰ ਅੱਗੇ ਅਜੇ ਇਕ ਹੋਰ ਲੰਬਾ ਤੇ ਸ਼ਾਨਦਾਰ ਕਰੀਅਰ ਹੈ।