ਗਾਇਕ ਜੀ ਖਾਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਉਸ ਖਿਲਾਫ ਲੁਧਿਆਣਾ ਵਿਚ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਣ ‘ਤੇ ਗਾਇਕ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ‘ਤੇ ਕੇਸ ਦਰਜ ਕੀਤਾ ਗਿਆ ਹੈ। ਭਾਵੇਂ ਸਿੰਗਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਾਫੀ ਮੰਗੀ ਸੀ ਪਰ ਸ਼ਿਵਸੈਨਾ ਦੇ ਨੇਤਾਵਾਂ ਨੇ ਕਿਹਾ ਸੀ ਕਿ ਮਾਫੀ ਨਹੀਂ, FIR ਦਰਜ ਹੋਵੇ।
ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ਖਿਲਾਫ ਸ਼ਿਕਾਇਤ ਦਿੱਤੀ ਸੀ। ਅਰੋੜਾ ਨੇ ਕਿਹਾ ਸੀ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਸ਼ਿਵ ਸੈਨਾ ਵੱਡਾ ਸੰਘਰਸ਼ ਕਰ ਸਕਦੀ ਹੈ। ਦੱਸ ਦੇਈਏ ਕਿ ਗਣਪਤੀ ਵਿਸਰਜਨ ਮੌਕੇ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ।
ਸਮਾਰੋਹ ਵਿਚ ਸਿੰਗਰ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ‘ਪੈੱਗ ਮੋਟੇ-ਮੋਟੇ ਲਾ ਦੇ ਹਾਨ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਪੇਸ਼ ਕੀਤੇ ਸਨ। ਇਸ ਦੇ ਬਾਅਦ ਮਾਮਲਾ ਗਰਮਾ ਗਿਆ। ਕਲ੍ਹ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ 2 ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਥੇ ਸ਼ਿਵ ਸੈਨਿਕਾਂ ਨੇ ਜੀ ਖਾਨ ਦੇ ਪੋਸਟਰ ਵੀ ਸਾੜੇ ਸਨ।
ਇਹ ਵੀ ਪੜ੍ਹੋ : ਖਿਡੌਣੇ ਵੇਚਣ ਵਾਲੇ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ, ਗਰੀਬ ਪਰਿਵਾਰ ਪ੍ਰਸ਼ਾਸਨ ਤੋਂ ਲਗਾ ਰਿਹਾ ਮਦਦ ਦੀ ਗੁਹਾਰ
ਅਮਿਤ ਅਰੋੜਾ ਨੇ ਕਿਹਾ ਕਿ ਸਮਾਰੋਹ ਦਾ ਆਯੋਜਨ ਭਾਜਪਾ ਨੇਤਾ ਹਨੀ ਬੇਦੀ ਨੇ ਕਰਵਾਇਆ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਆਈ ਹੈ ਤਾਂ ਭਾਜਪਾ ਦੇ ਸੂਬਾ ਪੱਧਰ ਦੇ ਨੇਤਾਵਾਂ ਨੂੰ ਇਹ ਕਿਉਂ ਦਿਖਾਈ ਨਹੀਂ ਦੇ ਰਿਹਾ। ਧਾਰਮਿਕ ਸਮਾਰੋਹ ਵਿਚ ਅਸ਼ਲੀਲ ਗੀਤਾ ਉਨ੍ਹਾਂ ਦਾ ਹੀ ਨੇਤਾ ਗਾਇਕਾਂ ਨੂੰ ਲੈ ਕੇ ਗਵਾ ਰਿਹਾ ਹੈ। ਇਹ ਬਹੁਤ ਹੀ ਨਿੰਦਣਯੋਗ ਹੈ। ਕਾਨੂੰਨ ਨੇ ਤਾਂ ਆਪਣਾ ਕੰਮ ਕਰ ਦਿੱਤਾ ਪਰ ਹੁਣ ਦੇਖਣਾ ਹੈ ਕਿ ਭਾਜਪਾ ਹਨੀ ਬੇਦੀ ‘ਤੇ ਕੀ ਕਾਰਵਾਈ ਕਰਦੀ ਹੈ। ਹੁਣ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: