ਅਹਿਮਦਾਬਾਦ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਨਿਰਮਾਣ ਅਧੀਨ ਇਮਾਰਤ ਦੀ 13ਵੀਂ ਮੰਜ਼ਿਲ ਦਾ ਸਲੈਬ ਟੁੱਟ ਗਿਆ ਅਤੇ ਇਸ ‘ਤੇ ਕੰਮ ਕਰ ਰਹੇ 8 ਮਜ਼ਦੂਰ ਹੇਠਾਂ ਆ ਡਿੱਗੇ। ਇਨ੍ਹਾਂ ਵਿਚੋਂ 7 ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ।
ਸਾਰੇ ਮਜ਼ਦੂਰ ਇਕੱਠੇ ਸਲੈਬ ‘ਤੇ ਖੜ੍ਹੇ ਸਨ। ਜ਼ਿਆਦਾ ਭਾਰ ਹੋਣ ਨਾਲ ਹਾਦਸਾ ਵਾਪਰਿਆ। ਸਲੈਬ ਕਮਜ਼ੋਰ ਸੀ। ਸਲੈਬ ਟੁੱਟਦੇ ਹੀ ਸਾਰੇ 8 ਮਜ਼ਦੂਰ ਇਕੱਠੇ ਡਿੱਗੇ। ਹਾਲਾਂਕਿ ਇਨ੍ਹਾਂ ਮਜ਼ਦੂਰਾਂ ਦੀ ਸੁਰੱਖਿਆ ਲਈ 8ਵੀਂ ਮੰਜ਼ਿਲ ‘ਤੇ ਇਕ ਨੈੱਟ ਵੀ ਲਗਾਈ ਗਈ ਸੀ ਪਰ ਇਹ ਕਮਜ਼ੋਰ ਨਿਕਲੀ। ਮਜ਼ਦੂਰ ਨੈੱਟ ਦੇ ਨਾਲ ਹੇਠਾਂ ਡਿੱਗ ਗਏ। ਇਨ੍ਹਾਂ ਵਿਚੋਂ 2 ਮਜ਼ਦੂਰ ਗਰਾਊਂਡ ਫਲੋਰ ‘ਤੇ ਜਦੋਂ ਕਿ 6 ਬੇਸਮੈਂਟ ‘ਚ ਡਿੱਗੇ। ਇਨ੍ਹਾਂ ਵਿਚੋਂ 7 ਨੇ ਹੇਠਾਂ ਡਿੱਗਦੇ ਹੀ ਦਮ ਤੋੜ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਵਿਚ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ। ਨਾਲ ਹੀ ਲਿਖਿਆ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਦੇ ਰਹੀ ਹੈ। ਹਾਦਸੇ ਵਾਲੀ ਇਮਾਰਤ ਗੁਜਰਾਤ ਯੂਨੀਵਰਸਿਟੀ ਕੋਲ ਹੈ। ਇਸ ਦਾ ਨਾਂ ਐਸਪਾਇਰ-2 ਹੈ।
ਵੀਡੀਓ ਲਈ ਕਲਿੱਕ ਕਰੋ -: