ਫਿਰੋਜ਼ਪੁਰ ਵਿਚ ਫਾਜ਼ਿਲਕਾ ਰਾਜ ਮਾਰਗ ‘ਤੇ ਸਥਿਤ ਪਿੰਡ ਗਜਨੀਵਾਲਾ ਮੋੜ ਨੇੜੇ ਇਕ ਬਾਈਕ ਨੂੰ ਬਚਾਉਂਦੇ ਸਮੇਂ ਪੀਟਰ ਰੇਹੜਾ ਸੜਕ ‘ਤੇ ਪਲਟ ਗਿਆ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ 19 ਜ਼ਖਮੀ ਹੋ ਗਏ। ਪੀਟਰ ਰੇਹੜੇ ‘ਤੇ ਲਗਭਗ 22 ਲੋਕ ਸਵਾਰ ਸਨ। ਇਹ ਸਾਰੇ ਜਲਾਲਾਬਾਦ ਦੇ ਪਿੰਡ ਕਟੀਆ ਵਾਲਾ ਦੇ ਰਹਿਣ ਵਾਲੇ ਸਨ ਤੇ ਇਹ ਐਤਵਾਰ ਨੂੰ ਮੱਲਾਂਵਾਲਾ ਵਿਚ ਆਪਣੇ ਜਵਾਈ ਦੇ ਭੋਗ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿਥੇ 8 ਲੋਕਾਂ ਦੀ ਨਾਜ਼ੁਕ ਹਾਲਤ ਦੇਖ ਕੇ ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੀਟਰ ਰੇਹੜਾ ਜਲਾਲਾਬਾਦ ਵੱਲ ਜਾ ਰਿਹਾ ਸੀ। ਜਿਵੇਂ ਹੀ ਪਿੰਡ ਗਜਨੀਵਾਲਾ ਮੋੜ ਨੇੜੇ ਪਹੁੰਚਿਆ ਤਾਂ ਇਕ ਬਾਈਕ ਸਵਾਰ ਵਿਅਕਤੀ ਲਿੰਕ ਰੋਡ ਤੋਂ ਜੀਟੀ ਰੋਡ ‘ਤੇ ਚੜ੍ਹ ਰਿਹਾ ਸੀ। ਪੀਟਰ ਰੇਹੜੇ ਦੇ ਚਾਲਕ ਨੇ ਬਾਈਕ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਸਪੀਡ ਤੇਜ਼ ਹੋਣ ਕਾਰਨ ਜਿਵੇਂ ਹੀ ਬ੍ਰੇਕ ਲਗਾਈ ਉਹ ਪਲਟ ਗਿਆ ਤੇ 3 ਵਾਰ ਪਲਟੀ ਖਾਧੇ ਸੜਕ ਕਿਨਾਰੇ ਜਾ ਡਿੱਗਾ। ਇਸ ਦੇ ਬਾਅਦ ਲੋਕਾਂ ਦੀ ਚੀਕਾਂ ਸੁਣ ਕੇ ਪੂਰਾ ਪਿੰਡ ਇਕੱਠਾ ਹੋ ਗਿਆ। ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ। ਮ੍ਰਿਤਕਾਂ ਦੀ ਪਛਾਣ ਸ਼ੀਲੋ ਬਾਈ ਪਤਨੀ ਅਨੰਤਪਾਲ ਵਾਸੀ ਚਕ ਅਰਨੀਵਾਲਾ, ਜਾਗੀਰ ਸਿੰਘ ਵਾਸੀ ਕਟੀਆ ਵਾਲਾ ਤੇ ਸ਼ੀਲੋ ਬਾਈ ਪਤਨੀ ਰੇਸ਼ਮ ਸਿੰਘ ਵਾਸੀ ਬ੍ਰਹਮਣੀ ਵਾਲਾ ਸ਼ਾਮਲ ਹੈ।
ਜ਼ਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਹੈ। ਇਨ੍ਹਾਂ ਵਿਚ ਰੇਸ਼ਮ ਸਿੰਘ, ਤੇਜਾ ਸਿੰਘ, ਸਵਰਨਾ ਬਾਈ, ਨੱਥਾ ਸਿੰਘ, ਜੋਗਿੰਦਰ ਸਿੰਘ ਵਾਸੀ ਕਟੀਆ ਵਾਲਾ, ਰੇਸ਼ਮ ਸਿੰਘ, ਜੋਗਿੰਦਰੋ ਬਾਈ ਤੇ ਅਮਰ ਸਿੰਘ ਵਾਸੀ ਕਟੀਆ ਵਾਲਾ ਸ਼ਾਮਲ ਹੈ। ਮੌਕੇ ‘ਤੇ ਪਹੁੰਚੇ ਥਾਣਾ ਲੱਖੋਕੇ ਬਹਿਰਾਮ ਦੇ ਇੰਚਾਰਜ ਬੱਚਨ ਸਿੰਘ ਦਾ ਕਹਿਣਾ ਹੈ ਕਿ ਸਾਰੇ ਲੋਕ ਜਲਾਲਾਬਾਦ ਦੇ ਕਟੀਆ ਵਾਲਾ, ਅਰਨੀਵਾਲਾ ਦੇ ਰਹਿਣ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕਟੀਆ ਵਾਲਾ ਵਾਸੀ ਸੰਤਾ ਸਿੰਘ ਦੇ ਦਾਮਾਦ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ। ਐਤਵਾਰ ਨੂੰ ਮੱਲਾਂਵਾਲਾ ਵਿਚ ਦਾਮਾਦ ਦਾ ਭੋਗ ਸੀ। ਸਾਰੇ ਰਿਸ਼ਤੇਦਾਰ ਪੀਟਰ ਰੇਹੜੇ ‘ਤੇ ਸਵਾਰ ਹੋ ਕੇ ਮੱਲਾਂਵਾਲਾ ਜਾ ਰਹੇ ਸਨ। ਰੇਹੜੇ ‘ਤੇ ਸੰਤਾ ਦਾ ਦੂਜਾ ਦਾਮਾਦ ਜਾਗੀਰ ਸਿੰਘ ਸਵਾਰ ਸੀ, ਉਸ ਦੀ ਵੀ ਹਾਦਸੇ ‘ਚ ਮੌਤ ਹੋ ਗਈ।