ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਆਉਣ ਦੇ ਬਾਅਦ ਵੀ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਲਿਬਾਨ ਦੀ ਅਗਵਾਈ ਵਾਲੇ ਗ੍ਰਹਿ ਮੰਤਰਾਲੇ ਦੇ ਦਫਤਰ ਕੋਲ ਇਕ ਮਸਜਿਦ ਵਿਚ ਬੰਬ ਧਮਾਕੇ ਦੀ ਸੂਚਨਾ ਮਿਲੀ।
ਤਾਲਿਬਾਨ ਦੇ ਬੁਲਾਰੇ ਅਬਦੁਲ ਨਫਈ ਤਾਕੋਰ ਨੇ ਬੰਬ ਧਮਾਕਾ ਹੋਣ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਇਸ ਧਮਾਕੇ ਵਿਚ ਪ੍ਰਭਾਵਿਤ ਲੋਕਾਂ ਦੀ ਜਾਣਕਾਰੀ ਨਹੀਂ ਹੈ।
ਅਫਗਾਨਿਸਤਾਨ ਵਿਚ ਆਏ ਦਿਨ ਹੋ ਰਹੇ ਬੰਬ ਧਮਾਕਿਆਂ ਨਾਲ ਲੋਕਾਂ ਵਿਚ ਗੁੱਸਾ ਹੈ। ਬੀਤੇ ਸ਼ਨੀਵਾਰ ਨੂੰ ਘੱਟ ਗਿਣਤੀ ਹਜਾਰਾ ਭਾਈਚਾਰੇ ਦੀਆਂ ਔਰਤਾਂ ਨੇ ਕਾਜ ਐਜੂਕੇਸ਼ਨਲ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਕਾਲੇ ਕੱਪੜੇ ਪਾ ਕੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ।
ਬੀਤੇ ਸੋਮਵਾਰ ਨੂੰ ਵੀ ਕਾਬੁਲ ਵਿਚ ਇਕ ਸਿੱਖਿਆ ਕੇਂਦਰ ‘ਤੇ ਬੰਬ ਧਮਾਕਾ ਹੋਇਆ ਸੀ ਜਿਸ ਵਿਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਕੁਝ ਦਿਨਾਂ ਬਾਅਦ ਕਾਬੁਲ ਦੇ ਪੱਛਮੀ ਹਿੱਸੇ ਵਿਚ ਇਕ ਹੋਰ ਹਜਾਰਾ ਆਬਾਦੀ ਵਾਲੇ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਧਮਾਕਾ ਸ਼ਹੀਦ ਮਜਾਰੀ ਰੋਡ ਕੋਲ ਪੁਲ-ਏ-ਸੁਖਤਾ ਇਲਾਕੇ ਕੋਲ ਦੁਪਹਿਰ ਲਗਭਗ 2 ਵਜੇ ਹੋਇਆ। ਇਹ ਹਜਾਰਾ ਆਬਾਦੀ ਵਾਲਾ ਇਲਾਕਾ ਹੈ। ਇਸ ਬੰਬ ਧਮਾਕੇ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: