ਪੁਰਾਣੀ ਸਰਕਾਰ ਦੇ ਕਈ ਮੰਤਰੀ, ਵਿਧਾਇਕ ਵਿਜੀਲੈਂਸ ਦੀ ਰਾਡਾਰ ‘ਤੇ ਹਨ ਤੇ ਇਨ੍ਹਾਂ ਵਿਚੋਂ ਕਈਆਂ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਗੁਰਦਾਸਪੁਰ ਵਿਧਾਇਕ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ।
ਇਸ ਸਬੰਧੀ ਇਕ ਚਿੱਠੀ ਵਾਇਰਲ ਹੋ ਰਹੀ ਹੈ ਜੋ ਕਿ ਵਿਜੀਲੈਂਸ ਦੇ ਡੀਐੱਸਪੀ ਨਿਰਮਲ ਸਿੰਘ ਵੱਲੋਂ ਲੀਡ ਬੈਂਕ ਦੇ ਮੈਨੇਜਰ ਨੂੰ ਲਿਖੀ ਗਈ ਹੈ। ਹਾਲਾਂਕਿ ਡੀਐੱਸਪੀ ਨਿਰਮਲ ਸਿੰਘ ਇਸ ਨੂੰ ਸੀਕ੍ਰੇਟ ਮੈਟਰ ਕਹਿ ਕੇ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਚਿੱਠੀ ਨੂੰ ਫੇਕ ਵੀ ਨਹੀਂ ਕਹਿੰਦੇ। ਵਿਜੀਲੈਂਸ ਦੇ ਐੱਸਐੱਸਪੀ ਵਰਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਪੱਤਰ ਫੇਕ ਨਹੀਂ ਹੈ ਪਰ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਸੀਕ੍ਰੇਟ ਹੋਣ ਦੇ ਬਾਵਜੂਦ ਇਸ ਨੂੰ ਕਿਸੇ ਬੈਂਕ ਮੁਲਾਜ਼ਮ ਵੱਲੋਂ ਲੀਕ ਕਰ ਦਿੱਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ 3 ਅਕਤੂਬਰ ਨੂੰ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀਐੱਸਪੀ ਨਿਰਮਲ ਸਿੰਘ ਵੱਲੋਂ ਪੱਤਰ ਨੰਬਰ 1326 ਲੀਡ ਬੈਂਕ ਦੇ ਮੈਨੇਜਰ ਦੇ ਨਾਂ ਲਿਖਿਆ ਗਿਆ ਜਿਸ ਵਿਚ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ, ਜੋ ਕਿ ਨਗਰ ਕੌਂਸਲ ਦੇ ਪ੍ਰਧਾਨ ਵੀ ਹਨ, ਪਿਤਾ ਗੁਰਮੀਤ ਸਿੰਘ ਪਾਹੜਾ ਜੋ ਕਿ ਕਾਂਗਰਸ ਦੀ ਪੰਜਾਬ ਕਾਰਜਕਾਰੀ ਦੇ ਮੈਂਬਰ ਤੇ ਲੇਬਰੈੱਸ ਪੰਜਾਬ ਦੇ ਚੇਅਰਮੈਨ ਰਹੇ ਹਨ, ਦੇ ਇਲਾਵਾ ਪਤਨੀ ਤੇ ਹੋਰ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਚਿੱਠੀ ਵਿਚ 8 ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਹ ਸਾਰੇ ਪਾਹੜਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਪਾਹੜਾ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਫਿਰ ਜਲਦ ਹੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਚਿੱਠੀ ਦੇ ਹੇਠਾਂ ਪੀਐੱਨਬੀ ਬੈਂਕ ਦੇ ਇਕ ਕੰਪਿਊਟਰ ਦਾ ਨੰਬਰ ਆ ਰਿਹਾ ਹੈ ਜਿਸ ਵਿਚ ਪਤਾ ਲੱਗਦਾ ਹੈ ਕਿ ਚਿੱਠੀ ਪੀਐੱਨਬੀ ਬੈਂਕ ਦੇ ਕੰਪਿਊਟਰ ਤੋਂ ਫੋਟੋ ਖਿੱਚ ਕੇ ਕਿਸੇ ਮੁਲਾਜ਼ਮ ਵੱਲੋਂ ਲੀਕ ਕੀਤਾ ਗਿਆ ਹੈ।