ਸਾਬਕਾ ਆਲ ਰਾਊਂਡਰ ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ 36ਵੇਂ ਪ੍ਰਧਾਨ ਬਣ ਗਏ ਹਨ। ਬੋਰਡ ਦੀ ਹੋਈ ਬੈਠਕ ਵਿਚ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ, ਉਹ ਸੌਰਵ ਗਾਂਗੁਲੀ ਦੀ ਥਾਂ ਲੈਣਗੇ। ਬੈਠਕ ਵਿਚ ਸਕੱਤਰ ਜੈ ਸ਼ਾਹ, ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਰੋਜਰ ਬਿੰਨੀ ਵੀ ਹਾਜ਼ਰ ਸਨ।
67 ਸਾਲਾ ਬਿੰਨੀ ਹੀ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਇਕਲੌਤੇ ਉਮੀਦਵਾਰ ਸਨ। ਉਹ ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਬਿੰਨੀ ਆਪਣੇ ਹਾਲੀਆ ਕਾਰਜਕਾਲ ਵਿੱਚ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਰਹੇ ਸਨ ਅਤੇ ਹੁਣ ਬੀਸੀਸੀਆਈ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਰਾਜ ਸਭਾ ਤੋਂ ਅਸਤੀਫਾ ਦੇਣਗੇ।
ਰੋਜਰ ਬਿੰਨੀ, 67, ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਖਿਡਾਰੀ ਹੈ। ਉਨ੍ਹਾਂ ਦਾ ਜਨਮ ਬੰਗਲੌਰ, ਕਰਨਾਟਕ ਵਿੱਚ ਹੋਇਆ। ਬਿੰਨੀ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਣ ਵਾਲਾ ਪਹਿਲਾ ਐਂਗਲੋ-ਇੰਡੀਅਨ ਖਿਡਾਰੀ ਸੀ। ਰੋਜਰ ਬਿੰਨੀ ਨੇ 1977 ‘ਚ ਕੇਰਲ ਖਿਲਾਫ ਕਰਨਾਟਕ ਟੀਮ ਲਈ 211 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਸ ਦਾ ਨਾਂ ਘਰੇਲੂ ਕ੍ਰਿਕਟ ‘ਚ ਚੱਲਣ ਲੱਗਾ। 1979 ਵਿੱਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਲਰਾਊਂਡਰ ਬਿੰਨੀ ਨੇ ਪਾਕਿਸਤਾਨ ਦੇ ਖਿਲਾਫ ਰਾਸ਼ਟਰੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤੀ ਟੀਮ ਲਈ 27 ਟੈਸਟ ਅਤੇ 72 ਵਨਡੇ ਖੇਡੇ ਹਨ। ਰੋਜਰ ਬਿੰਨੀ ਨੇ ਆਪਣਾ ਆਖਰੀ ਮੈਚ 9 ਅਕਤੂਬਰ 1987 ਨੂੰ ਆਸਟ੍ਰੇਲੀਆ ਖਿਲਾਫ ਖੇਡਿਆ ਸੀ।
ਬਿੰਨੀ ਨੇ ਮੁੰਬਈ ‘ਚ ਪਾਕਿਸਤਾਨ ਖਿਲਾਫ ਆਪਣੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਮਾਜਿਦ ਖਾਨ, ਜ਼ਹੀਰ ਅੱਬਾਸ ਅਤੇ ਜਾਵੇਦ ਮਿਆਂਦਾਦ ਨੂੰ ਸ਼ੁਰੂਆਤੀ ਓਵਰਾਂ ‘ਚ ਆਊਟ ਕੀਤਾ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਇਹ ਮੈਚ 131 ਦੌੜਾਂ ਨਾਲ ਜਿੱਤ ਲਿਆ।
ਰੋਜਰ ਬਿੰਨੀ 1983 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਟੀਮ ‘ਚ ਅਹਿਮ ਭੂਮਿਕਾ ਨਿਭਾਈ। ਬਿੰਨੀ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਬਿੰਨੀ ਨੇ ਟੂਰਨਾਮੈਂਟ ਵਿੱਚ 18 ਵਿਕਟਾਂ ਲਈਆਂ।
ਰੋਜਰ ਬਿੰਨੀ ਭਾਰਤੀ ਕ੍ਰਿਕਟ ‘ਚ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਸਾਲ 2000 ਵਿੱਚ, ਬਿੰਨੀ ਨੇ ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਕੋਚ ਵਜੋਂ ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ ਬਿੰਨੀ 2007 ‘ਚ ਪੱਛਮੀ ਬੰਗਾਲ ਟੀਮ ਦੇ ਮੁੱਖ ਕੋਚ ਬਣੇ। ਰੋਜਰ ਬਿੰਨੀ ਕਰਨਾਟਕ ਕ੍ਰਿਕਟ ਸੰਘ ਦੀ ਪ੍ਰਬੰਧਕੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ 2012 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਸਿਲੈਕਟਰ ਬਣੇ।
ਵੀਡੀਓ ਲਈ ਕਲਿੱਕ ਕਰੋ -: