ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਨਾਹਰਲਗੁਨ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ 700 ਤੋਂ ਵਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਸੂਤਰਾਂ ਮੁਤਾਬਕ ਸ਼ੁਰੂਆਤੀ 2 ਗੰਟਿਆਂ ਵਿਚ ਸਿਰਫ 2 ਦੁਕਾਨਾਂ ਵਿਚ ਅੱਗ ਲੱਗੀ ਸੀ ਪਰ ਫਾਇਰ ਬ੍ਰਿਗੇਡ ਅੱਗ ਦੇ ਫੈਲਾਅ ‘ਤੇ ਕਾਬੂ ਪਾਉਣ ਵਿਚ ਅਸਫਲ ਰਿਹਾ। ਅਰੁਣਚਾਲ ਪ੍ਰਦੇਸ਼ ਦਾ ਇਹ ਸਭ ਤੋਂ ਪੁਰਾਣਾ ਬਾਜ਼ਾਰ ਰਾਜਧਾਨੀ ਈਟਾਨਗਰ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਨਾਹਰਲਗੁਨ ਵਿਚ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਨੇੜੇ ਵੀ ਹੈ। ਪੁਲਿਸ ਨੇ ਕਿਹਾ ਕਿ ਤਿੰਨ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਦੇਰ ਤੱਕ ਮੁਸ਼ੱਕਤ ਕਰਦੀਆਂ ਰਹੀਆਂ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੰਦਾਜ਼ਾ ਹੈ ਕਿ ਇਹ ਨੁਕਸਾਨ ਕਰੋੜਾਂ ਰੁਪਏ ਦਾ ਹੈ।
ਸਥਾਨਕ ਪੁਲਿਸ ਮੁਤਾਬਕ ਅੱਗ ਸਭ ਤੋਂ ਪਹਿਲਾਂ ਸਵੇਰੇ 4 ਵਜੇ ਲੱਗੀ। ਦੀਵਾਲੀ ਮੌਕੇ ਪਟਾਕਿਆਂ ਤੇ ਦੀਵਿਆਂ ਦੇ ਜਲਣ ਨਾਲ ਅੱਗ ਲੱਗੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਪਰ ਦੁਕਾਨਾਂ ਦੇ ਬਾਂਸ ਤੇ ਲੱਕੜੀ ਦੇ ਬਣੇ ਹੋਣ ਕਾਰਨ ਬਾਜ਼ਾਰ ਵਿਚ ਵੱਡੀ ਮਾਤਰਾ ਵਿਚ ਸੁੱਕੇ ਮਾਲ ਦੇ ਸਟਾਕ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। LPG ਸਿਲੰਡਰਾਂ ਵਿਚ ਵਿਸਫੋਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਦੀਵਾਲੀ ਮੌਕੇ ਵਾਪਰਿਆ ਹਾਦਸਾ, ਰਾਕੇਟ ਪਟਾਕੇ ਨੇ ਖੋਹੀ 10ਵੀਂ ਦੀ ਵਿਦਿਆਰਥਣ ਤੋਂ ਅੱਖਾਂ ਦੀ ਰੌਸ਼ਨੀ
ਈਟਾਨਗਰ ਦੇ ਪੁਲਿਸ ਸੁਪਰਡੈਂਟ ਜਿੰਮੀ ਚਿਰਾਮ ਨੇ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਫਾਇਰ ਵਿਭਾਗ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਉਧਰ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਨਾਲ ਲੱਗਦੇ ਫਾਇਰ ਸਟੇਸ਼ਨ ’ਤੇ ਪੁੱਜੇ ਪਰ ਕੋਈ ਮੁਲਾਜ਼ਮ ਨਹੀਂ ਮਿਲਿਆ। ਇਸ ਤੋਂ ਇਲਾਵਾ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਤਾਂ ਅੱਗ ਬੁਝਾਊ ਗੱਡੀਆਂ ‘ਚ ਪਾਣੀ ਨਹੀਂ ਸੀ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਫਾਇਰ ਟੈਂਡਰਾਂ ਨੂੰ ਪਾਣੀ ਭਰਨ ਲਈ ਕਾਫੀ ਦੂਰੀ ਤੱਕ ਜਾਣਾ ਪਿਆ, ਉਦੋਂ ਤੱਕ ਬਾਜ਼ਾਰ ਦਾ ਜ਼ਿਆਦਾਤਰ ਹਿੱਸਾ ਸੜ ਚੁੱਕਾ ਸੀ।
ਵੀਡੀਓ ਲਈ ਕਲਿੱਕ ਕਰੋ -: