ਬੀਐੱਸੱਐੱਫ ਨੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਵੱਲੋਂ ਇਕ ਹੋਰ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ ਹੈ। ਬਾਰਡਰ ਸਕਿਓਰਿਟੀ ਫੋਰਸ ਨੇ ਫਿਰੋਜ਼ਪੁਰ ਤੋਂ ਹਥਿਆਰਾਂ ਨਾਲ ਭਰਿਆ ਬੈਗ ਬਰਾਮਦ ਕੀਤਾ ਹੈ ਜਿਸ ਵਿਚ ਹਥਿਆਰ ਤੇ ਗੋਲਾ ਬਾਰੂਦ ਸੀ। ਬੀਐੱਸਐੱਫ ਨੇ ਬੈਗ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਹੈ ਕਿ ਇਹ ਬੈਗ ਡ੍ਰੋਨ ਰਾਹੀਂ ਪਹੁੰਚਾਇਆ ਗਿਆ ਹੈ।
ਫਿਰੋਜ਼ਪੁਰ ਸੈਕਟਰ ਵਿਚ ਬੀਐੱਸਐੱਫ ਦੀ 136 ਬਟਾਲੀਅਨ ਵੱਲੋਂ ਇਕ ਸਰਚ ਮੁਹਿੰਮ ਚਲਾਈ ਗਈ ਸੀ। BSF ਨੂੰ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਇਹ ਕੋਸ਼ਿਸ਼ ਸ਼ੁਰੂ ਕੀਤੀ ਗਈ। ਜ਼ੀਰੋ ਲਾਈਨ ਦੇ ਬਿਲਕੁਲ ਕੋਲ ਇਕ ਬੈਗ ਦੇਖਿਆ ਗਿਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਭਰਿਆ ਹੋਇਆ ਸੀ। ਬੀਐੱਸਐੱਫ ਜਵਾਨਾਂ ਨੇ ਤੁਰੰਤ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ।
ਬੈਗ ਵਿਚੋਂ 3 ਏਕੇ-47, 6 ਖਾਲੀ ਮੈਗਜ਼ੀਨ, 5 MP-5 (ਮਿੰਨੀ ਏਕੇ-47) ਤੇ 5 ਖਾਲੀ ਮੈਗਜ਼ੀਨ, 3 ਪਿਸਤੌਲਾਂ ਤੇ 6 ਖਾਲੀ ਮੈਗਜ਼ੀਨ ਬਰਾਮਦ ਕੀਤੀਆਂ।ਇਸ ਤੋਂ ਇਲਾਵਾ ਬੈਗ ਵਿਚ 30 ਬੋਰ ਦੀਆਂ 100 ਗੋਲੀਆਂ ਤੇ 5.56mm ਦੀਆਂ 100 ਗੋਲੀਆਂ ਬਰਾਮਦ ਕੀਤੀਆਂ ਹਨ।
ਇੰਨੀ ਵੱਡੀ ਮਾਤਰਾ ਵਿਚ ਹਥਿਆਰਾਂ ਦੀ ਖੇਪ ਪੰਜਾਬ ਭੇਜਣ ਦਾ ਮਕਸਦ ਮਾਹੌਲ ਖਰਾਬ ਕਰਨਾ ਹੀ ਹੈ। ਪਾਕਿ ਵਿਚ ਬੈਠੇ ਅੱਤਵਾਦੀ ਪੰਜਾਬ ਵਿਚ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦਾ ਇਸਤੇਮਾਲ ਕਰਕੇ ਪੰਜਾਬ ਵਿਚ ਅੱਤਵਾਦ ਫੈਲਾਉਣਾ ਚਾਹੁੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਬੀਤੇ ਦਿਨੀਂ ਲਗਾਤਾਰ ਭੇਜੇ ਜਾ ਰਹੇ ਡ੍ਰੋਨ ਸਿਰਫ ਬੀਐੱਸਐੱਫ ਦਾ ਧਿਆਨ ਭਟਕਾਉਣ ਲਈ ਹੋ ਸਕਦੇ ਹਨ। ਪਾਕਿਸਤਾਨ ਵਿਚ ਬੈਠੇ ਤਸਕਰ ਤੇ ਅੱਤਵਾਦੀ, ਧਿਆਨ ਭਟਕਾ ਕੇ ਭਾਰੀ ਮਾਤਰਾ ਵਿਚ ਹਥਿਆਰ ਤੇਹੈਰੋਇਨ ਦੀ ਖੇਪ ਨੂੰ ਹੀ ਪੰਜਾਬ ਵਿਚ ਭੇਜਣ ਦੀ ਕੋਸ਼ਿਸ਼ ਵਿਚ ਲੱਗੇ ਹਨ।
ਕੇਂਦਰੀ ਏਜੰਸੀਆਂ ਦਾ ਇਹ ਵੀ ਮੰਨਣਾ ਹੈ ਕਿ ਪਾਕਿਸਤਾਨ ਹੁਣ ਆਪਣਾ ਧਿਆਨ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਹਟਾਉਣਾ ਚਾਹੁੰਦਾ ਹੈ। ਜੰਮੂ-ਕਸ਼ਮੀਰ ‘ਚ ਸਖਤੀ ਵਧਾਉਣ ਤੋਂ ਬਾਅਦ ਪਾਕਿਸਤਾਨ ਨੇ ਇਹ ਫੈਸਲਾ ਲਿਆ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਬਹੁਤ ਫੰਡਿੰਗ ਕਰ ਰਿਹਾ ਹੈ। ਇੰਨਾ ਹੀ ਨਹੀਂ ਹੁਣ ਤਸਕਰੀ ਦਾ ਰਸਤਾ ਅਪਣਾ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ, ਜਿਸ ਨੂੰ ਨਾਰਕੋ ਟੈਰਰ ਦਾ ਨਾਂ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: