ਸਰਹਿੰਦ ਨੈਸ਼ਨਲ ਹਾਈਵੇ ਪਿੰਡ ਨੱਬੀਪੁਰ ਨੇੜੇ ਦੋ ਕਾਰਾਂ ਦੀ ਟੱਕਰ ਹੋ ਗਈ। ਇਹ ਟੱਕਰ ਸੜਕ ਵਿਚ ਪਸ਼ੂ ਦੇ ਆਉਣ ਨਾਲ ਹੋਈ। ਇਸ ਹਾਦਸੇ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ ਜਦੋਂ ਕਿ 8 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਚ ਦਾਖਲ ਕਰਵਾਇਆ ਗਿਆ ਜਿਥੇ ਫਸਟ ਏਡ ਦੇ ਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਹਾਦਸੇ ਵਿਚ ਜ਼ਖਮੀ ਸਾਰੇ ਰਿਸ਼ਤੇਦਾਰ ਹਨ ਤੇ ਸਾਰੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸਨ। ਹਾਦਸਾ ਰਾਤ ਲਗਭਗ 12 ਵਜੇ ਹੋਇਆ। ਮ੍ਰਿਤਕ ਬੱਚੀਆਂ ਦੀ ਪਛਾਣ ਇਸ਼ਿਕਾ ਢਾਈ ਸਾਲ ਤੇ ਪਾਵਨੀ ਸਾਢੇ ਚਾਰ ਸਾਲ ਵਜੋਂ ਹੋਈ ਹੈ। ਜ਼ਖਮੀਆਂ ਵਿਚ ਮੋਨਿਕਾ, ਚੰਦਰਲੇਖਾ, ਹਿਮਾਂਸੂ ਸੇਠੀ, ਪ੍ਰੀਤੀ ਤੇ ਬੱਚਿਆਂ ਵਿਚ ਗੀਤਿਕਾ ਤੇ ਭੂਮੀ ਸਾਰੇ ਵਾਸੀ ਸਹਾਰਨਪੁਰ ਤੇ ਦੀਪਾਲੀ ਤੇ ਰੰਜਨਾ ਵਾਸੀ ਯਮੁਨਾਨਗਰ ਦੇ ਹਨ। ਇਸ ਬਾਰੇ ਡੀਐੱਸਪੀ ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਰੇ ਲੋਕ ਵੀਰਵਾਰ ਨੂੰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਗਏ ਸਨ ਤੇ ਵਾਪਸੀ ਵਿਚ ਨਬੀਪੁਰ ਨੇੜੇ ਉਸ ਦੀ ਕਾਰ ਅੱਗੇ ਪਸ਼ੂ ਆ ਗਿਆ। ਇਸ ਦੌਰਾਨ ਪਿਛੇ ਤੋਂ ਆ ਰਹੀ ਇਕ ਹੋਰ ਕਾਰ ਵੀ ਉਨ੍ਹਾਂ ਨਾਲ ਟਕਰਾ ਗਈ।
ਦੋਵੇਂ ਕਾਰਾਂ ਵਿਚ ਸਵਾਰ ਗੰਭੀਰ ਜ਼ਖਮੀ ਹੋ ਗਏ ਤੇ 2 ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਨਬੀਪੁਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਮਦਦ ਨਾਲ ਹਾਦਸੇ ਵਿਚ ਜ਼ਖਮੀਆਂ ਨੂੰ ਕਾਰ ਤੋਂ ਕੱਢਿਆ ਗਿਆ ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਖੇ ਡਾਕਟਰਾਂ ਨੇ ਇਸ਼ਿਕਾ ਤੇ ਪਾਵਨੀ ਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬੱਚੀਆਂ ਨੂੰ ਪੋਸਟਮਾਰਟਮ ਦੇ ਬਾਅਦ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: