ਗੈਂਗਸਟਰਾਂ ਵੱਲੋਂ ਪੰਜਾਬ ਵਿਚ ਹੀ ਨਹੀਂ ਸਗੋਂ ਇਸ ਦੇ ਬਾਹਰ ਵੀ ਧਨਾਢ ਲੋਕਾਂ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਉਤਰਾਖੰਡ ਦੇ ਕਾਸ਼ੀਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਥੇ 3 ਵੱਡੇ ਸਰਾਫਾ ਵਪਾਰੀਆਂ ਨੂੰ ਮੋਬਾਈਲ ‘ਤੇ ਵਿਦੇਸ਼ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਰੰਗਦਾਰੀ ਦੀ ਧਮਕੀ ਮਿਲੀ ਹੈ।
ਸਰਾਫਾ ਵਪਾਰੀਆਂ ਤੋਂ ਸੈਟਲਾਈਟ ਫੋਨ ਕਾਲ ਜ਼ਰੀਏ ਕੁੱਲ 1.30 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ ਤੋਂ ਮਿਲੀ ਧਮਕੀ ਵਿਚ ਸ਼ਾਮ ਤੱਕ ਰਕਮ ਬੈਂਕ ਅਕਾਊਂਟਸ ਵਿਚ ਜਮ੍ਹਾ ਕਰਨ ਜਾਂ ਫਿਰ ਜਾਨ ਤੋਂ ਹੱਥ ਧੋਣ ਦੀ ਗੱਲ ਕਹੀ ਗਈ ਹੈ। ਵਿਦੇਸ਼ ਤੋਂ ਆਏ ਫੋਨ ਕਾਲਸ ਨਾਲ ਨਾ ਸਿਰਫ ਵਪਾਰੀ ਦਹਿਸ਼ਤ ਵਿਚ ਹਨ ਸਗੋਂ ਪੁਲਿਸ ਮਹਿਕਮੇ ਵਿਚ ਵੀ ਹੜਕੰਪ ਮਚਿਆ ਹੋਇਆ ਹੈ।
ਵਪਾਰ ਮੰਡਲ ਦੇ ਅਧਿਕਾਰੀਆਂ ਨਾਲ ਤਿੰਨੋਂ ਵਪਾਰੀ ਐੱਸਪੀ ਆਫਿਸ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਤੁਰੰਤ ਨੰਬਰ ਦੀ ਜਾਂਚ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਤਿੰਨੋਂ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਕ ਕਾਲ ਸਾਬਕਾ ਵਪਾਰ ਮੰਡਲ ਪ੍ਰਧਾਨ ਦੀਪਕ ਵਰਮਾ ਦੇ ਭਰਾ ਪੁਰਸ਼ੋਤਮ ਵਰਮਾ ਨੂੰ ਆਈ। ਉਨ੍ਹਾਂ ਦੀ ਕਾਸ਼ੀਪੁਰ ਮੇਨ ਮਾਰਕੀਟ ਵਿਚ ਸ੍ਰੀ ਗੁਰੂ ਜਵੈਲਰਸ ਨਾਂ ਤੋਂ ਦੁਕਾਨ ਹੈ। ਮੰਗਲਵਾਰ ਸ਼ਾਮ 4.40 ਵਜੇ ਪੁਰਸ਼ੋਤਮ ਵਰਮਾ ਨੂੰ ਸੈਟੇਲਾਈਟ ਫੋਨ ਤੋਂ ਕਾਲ ਆਈ ਸੀ।
ਇਹ ਵੀ ਪੜ੍ਹੋ : ਮਹਿਲਾ ਤੋਂ ਰਿਸ਼ਵਤ ਲੈਂਦੇ ASI ਦਾ ਵੀਡੀਓ ਵਾਇਰਲ, ਜ਼ਮਾਨਤ ਦਿਵਾਉਣ ਦੇ ਬਦਲੇ ਲਏ 5,000 ਰੁਪਏ
ਪੁਰਸ਼ੋਤਮ ਨੂੰ ਆਈ ਕਾਲ ਵਿਚ ਕਾਲਰ ਨੇ ਖੁਦ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਦੇ ਹੋਏ 50 ਲੱਖ ਦੀ ਫਿਰੌਤੀ ਮੰਗੀ ਸੀ। ਉਸ ਨੇ ਪੈਸੇ ਦੀ ਡਿਮਾਂਡ ਕਰਦੇ ਹੋਏ ਕਿਹਾ ਸੀ ਉਹ ਸ਼ਾਮ ਤੱਕ ਅਕਾਊਂਟ ਦਾ ਨੰਬਰ ਭੇਜ ਰਿਹਾ ਹੈ। ਖਾਤੇ ਵਿਚ ਰਕਮ ਪਾ ਦਿਓ ਨਹੀਂ ਤਾਂ ਇਸ ਦਾ ਬੁਰਾ ਨਤੀਜਾ ਭੁਗਤਣਾ ਹੋਵੇਗਾ। ਦੂਜੀ ਕਾਲ ਆਨੰਦ ਜਵੈਲਰਸ ਦੇ ਸਵਾਮੀ ਵਿਵੇਕ ਵਰਮਾ ਨੂੰ ਆਈ ਤੇ ਉੁਨ੍ਹਾਂ ਤੋਂ 30 ਲੱਖ ਦਾ ਇੰਤਜ਼ਾਮ ਕਰਨ ਨੂੰ ਕਿਹਾ ਗਿਆ।
ਵਿਵੇਕ ਨੂੰ ਜਿਸ ਨੇ ਕਾਲ ਕੀਤੀ ਸੀ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੌਣ ਬੋਲ ਰਹੇ ਹੋ, ਕਾਲਰ ਨੇ ਜਵਾਬ ਦਿੱਤਾ ਲਾਰੈਂਸ ਬੋਲ ਰਿਹਾ ਹਾਂ ਪੰਜਾਬ ਜੇਲ੍ਹ ਤੋਂ। ਤੇਰੇ ਕਾਸ਼ੀਪੁਰ ਵਿਚ ਗੋਲੀ ਚੱਲੀ ਹੈ, ਸਮਝ ਲੈ। ਜਾਨ ਪਿਆਰੀ ਹੈ ਤਾਂ 30 ਲੱਖ ਦਾ ਇੰਤਜ਼ਾਮ ਕਰਕੇ ਸ਼ਾਮ ਤੱਕ ਨਹੀਂ ਤਾਂ ਤੇਰੀ ਦੁਕਾਨ ‘ਤੇ ਗੋਲੀ ਚੱਲੇਗੀ।
ਇਸ ਤੋਂ ਬਾਅਦ ਇਸੇ ਨੰਬਰ ਤੋਂ ਮੇਨ ਬਾਜ਼ਾਰ ਵਾਸੀ ਅਸ਼ੋਕ ਜਵੈਲਰਸ ਦੇ ਮਾਲਕ ਗੌਰਵ ਅਗਰਵਾਲ ਨੂੰ ਵੀ ਕਾਲ ਆਈ। ਕਾਲਰ ਨੇ ਉੁਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਦੱਸਿਆ ਕਿ ਉਹ ਪੰਜਾਬ ਦੀ ਮੋਗਾ ਜੇਲ੍ਹ ਤੋਂ ਬੋਲ ਰਿਹਾ ਹੈ। ਅੱਧੇ ਘੰਟੇ ਦੇ ਅੰਦਰ 3 ਸਰਾਫਾ ਵਪਾਰੀਆਂ ਨੂੰ ਰੰਗਦਾਰੀ ਲਈ ਧਮਕੀ ਮਿਲਣ ਨਾਲ ਸਨਸਨੀ ਫੈਲ ਗਈ। ਐੱਸਪੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਲਈ ਕਈ ਏਜੰਸੀਆਂ ਦਾ ਸਹਿਯੋਗ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: