ਚੋਣ ਕਮਿਸ਼ਨ ਵੱਲੋਂ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ ਵਿਚ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਓਡੀਸ਼ਾ, ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ 5 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 8 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
ਦੂਜੇ ਪਾਸੇ ਗੁਜਰਾਤ ਵਿਧਾਨ ਸਭਾ ਦੀ ਚੋਣ ਦਾ ਐਲਾਨ ਵੀ ਹੋ ਚੁੱਕਾ ਹੈ। ਇਥੇ ਦੋ ਪੜਾਅ ਵਿਚ ਇਕ ਅਤੇ 5 ਦਸੰਬਰ ਨੂੰ ਚੋਣਾਂ ਹੋਣਗੀਆਂ ਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਮੈਨਪੁਰੀ ਲੋਕ ਸਭਾ ਸੀਟ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ਨਾਲ ਖਾਲੀ ਹੋਈ ਹੈ। ਰਾਮਪੁਰ ਵਿਧਾਨ ਸਭਾ ਸੀਟ ਮੁਹੰਮਦ ਆਜ਼ਮ ਖਾਨ ਨੂੰ ਹੇਟ ਸਪੀਚ ਮਾਮਲੇ ਵਿਚ 3 ਸਾਲ ਦੀ ਸਜ਼ਾ ਹੋਣ ਕਾਰਨ ਉਨ੍ਹਾਂ ਦੀ ਵਿਧਾਇਕੀ ਰੱਦ ਹੋਣ ਤੋਂ ਖਾਲੀ ਹੋਈ ਹੈ। ਓਡੀਸ਼ਾ ਵਿਚ ਪਾਦਮਪੁਰ ਵਿਧਾਨ ਸਭਾ ਖੇਤਰ, ਰਾਜਸਥਾਨ ਵਿਚ ਸਰਦਾਰ ਸ਼ਹਿਰ ਅਸੈਂਬਲੀ ਸੀਟ, ਬਿਹਾਰ ਵਿਚ ਕੁਰਹਾਨੀ ਅਸੈਂਬਲੀ ਸੀਟ ਤੇ ਛੱਤੀਸਗੜ੍ਹ ਵਿਚ ਭਾਨੂਪ੍ਰਤਾਪਪੁਰ ਵਿਧਾਨ ਸਭਾ ਸੀਟ ‘ਤੇ ਉਪ ਚੋਣਾਂ ਹੋਣਗੀਆਂ।
ਇਨ੍ਹਾਂ ਸੀਟਾਂ ‘ਤੇ ਉਪ ਚੋਣਾਂ ਲਈ 10 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ ਨਾਮੀਨੇਸ਼ਨ ਦੀ ਆਖਰੀ ਤਰੀਕ 17 ਨਵੰਬਰ ਨੂੰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਨਵੰਬਰ ਨੂੰ ਕੀਤੀ ਜਾਵੇਗੀ ਤੇ ਉਮੀਦਵਾਰ 21 ਨਵੰਬਰ ਤੱਕ ਆਪਣਾ ਨਾਮਜ਼ਦਗੀ ਵਾਪਸ ਲੈ ਸਕਣਗੇ।
ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਹੈ। ਸੂਬੇ ਦੀਆਂ 182 ਵਿਧਾਨ ਸਭਾ ਸੀਟਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ‘ਚ 89 ਅਤੇ ਦੂਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਦਸੰਬਰ ਨੂੰ ਨਾਲੋ-ਨਾਲ ਐਲਾਨੇ ਜਾਣਗੇ। ਇਸ ਤੋਂ ਇਲਾਵਾ ਦਿੱਲੀ ਨਗਰ ਨਿਗਮ ਲਈ 4 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ 7 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: