ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਗੋਲਡੀ ਬਰਾੜ ਪੰਜਾਬ ਪੁਲਿਸ ਤੋਂ ਡਰ ਗਿਆ ਹੈ। ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਹੈ ਕਿ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਨੇਪਾਲ ਬਾਰਡਰ ਤੋਂ ਨੇਪਾਲ ਪੁਲਿਸ ਨੇ ਫੜ ਲਿਆ ਹੈ। ਦਿੱਲੀ ਤੇ ਪੰਜਾਬ ਪੁਲਿਸ ਦੇ ਹੱਥ ਤਿੰਨੋਂ ਨਹੀਂ ਆਏ ਹਨ।
ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਉਸ ਦੇ ਫੜੇ ਗਏ ਤਿੰਨੋਂ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਤੇ ਉਨ੍ਹਾਂ ਨਾਲ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ, ਪੁਲਿਸ ਕੋਈ ਨਾਜਾਇਜ਼ ਧੱਕਾ ਨਾ ਕਰੇ। ਗੋਲਡੀ ਬਰਾੜ ਦੀ ਇਸ ਤਰ੍ਹਾਂ ਦੀ ਪੋਸਟ ਤੋਂ ਲੱਗ ਰਿਹਾ ਹੈ ਕਿ ਉਹ ਪੰਜਾਬ ਪੁਲਿਸ ਤੋਂ ਡਰਿਆ ਹੈ।
ਉਸ ਨੂੰ ਡਰ ਹੈ ਕਿ ਉਸ ਦੇ ਤਿੰਨੋਂ ਸਾਥੀਆਂ ਦਾ ਐਨਕਾਊਂਟਰ ਨਾ ਹੋ ਜਾਵੇ। ਡੀਜੀਪੀ ਗੌਰਵ ਯਾਦਵ ਮੁਤਾਬਕ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਪੱਛਮੀ ਬੰਗਾਲ-ਨੇਪਾਲ ਬਾਰਡਰ ਤੋਂ ਫੜਿਆ ਗਿਆ। ਦੀਪਕ ਮੁੰਡੀ ਵੀ ਬਲੈਰੋ ਮਾਡਿਊਲ ਦਾ ਸ਼ੂਟਰ ਸੀ। ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੇ ਲੁਕਣ ਤੇ ਹਥਿਆਰ ਮੁਹੱਈਆ ਕਰਾਉਣ ਵਿਚ ਮਦਦ ਕੀਤੀ ਸੀ।
ਮੂਸੇਵਾਲਾ ਦਾ ਕਤਲ 6 ਸ਼ੂਟਰਾਂ ਨੇ ਕੀਤਾ ਸੀ, ਜੋ ਕੋਰੋਲਾ ਤੇ ਬਲੈਰੋ ਮਾਡਿਊਲ ਵਿਚ ਆਏ ਸਨ। ਇਨ੍ਹਾਂ ਵਿਚੋਂ ਬਲੈਰੋ ਮਾਡਿਊਲ ਦੇ ਲੀਡਰ ਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਉਰਫ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਸੁੰਡੀ ਨੂੰ ਵੀ ਫੜ ਲਿਆ। ਕੋਰੋਲਾ ਮਾਡਿਊਲ ਦੇ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਕੋਲ ਭਕਨਾ ਪਿੰਡ ਵਿਚ ਐਨਕਾਊਂਟਰ ਵਿਚ ਮਾਰ ਦਿੱਤਾ ਸੀ।
ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਲਾਰੈਂਸ ਗੈਂਗ ਨੇ ਰਚੀ ਸੀ ਜਿਸ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਅੰਜਾਮ ਦਿੱਤਾ। ਗੋਲਡੀ ਨਾਲ ਲਾਰੈਂਸ ਦੇ ਭਰਾ ਅਨਮੋਲ ਤੇ ਭਾਣਜੇ ਸਚਿਨ ਥਾਪਨ ਵੀ ਐਕਟਿਵ ਰਿਹਾ। ਸਚਿਨ ਥਾਪਨ ਨੂੰ ਅਜਰਬੈਜਾਨ ਅਤੇ ਅਨਮੋਲ ਨੂੰ ਕੀਨੀਆ ਵਿਚ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ। ਇਨ੍ਹਾਂ ਦੋਵਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : CM ਮਾਨ ਨੇ ਵਜ਼ੀਫ਼ਾ ਘੋਟਾਲੇ ਦੀ ਜਾਂਚ ਨੂੰ ਦਿੱਤੀ ਹਰੀ ਝੰਡੀ, ਵਿਜੀਲੈਂਸ ਵੱਲੋਂ ਕੀਤੀ ਜਾਵੇਗੀ ਜਾਂਚ
ਜ਼ਿਕਰਯੋਗ ਹੈ ਕਿ 29 ਮਈ ਨੂੰ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ 24 ਕਾਤਲਾਂ ਖਿਲਾਫ ਮਾਨਸਾ ਕੋਰਟ ਵਿਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਵਿਚ ਵਿਦੇਸ਼ ਬੈਠੇ ਗੈਂਗਸਟਰਾਂ ਵਿਚ ਗੋਲਡੀ ਬਰਾੜ ਤੇ ਲਿਪਿਨ ਨਹਿਰਾ ਸਨ। ਇਸ ਚਾਰਜਸ਼ੀਟ ਵਿਚ 166 ਗਵਾਹ ਬਣਾਏ ਗਏ ਹਨ। ਮੁੰਡੀ ਦੀ ਗ੍ਰਿਫਤਾਰੀ ਦੇ ਬਾਅਦ ਪੁਲਿਸ ਜਲਦੀ ਹੀ ਸਪਲੀਮੈਂਟਰੀ ਚਾਲਾਨ ਪੇਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: