ਡਿਫੈਂਸ ਕਾਲੋਨੀ ‘ਚ ਰਹਿਣ ਵਾਲੇ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਖ਼ਿਲਾਫ਼ ਥਾਣਾ ਬਾਰਾਦਰੀ ਦੀ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਅੰਗਦ ਖ਼ਿਲਾਫ਼ ਫਾਸਟਵੇ ਕੰਪਨੀ ਦੇ ਲੁਧਿਆਣਾ ਦੇ ਅਧਿਕਾਰੀ ਜਾਏ ਨੇ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਅੰਗਦ ਦੱਤਾ ਇਸ ਸਮੇਂ ਕੇਬਲ ਚਲਾਉਣ ਵਾਲੀ ਕੰਪਨੀ ‘ਚ ਕੰਮ ਕਰ ਰਿਹਾ ਹੈ ਤੇ ਲੋਕਾਂ ਦੇ ਘਰਾਂ ‘ਚ ਫਾਸਟਵੇ ਕੰਪਨੀ ਦੇ ਸੈੱਟ ਟਾਪ ਬਾਕਸ ਲਾਹ ਕੇ ਦੂਜੀ ਕੰਪਨੀ ਦੇ ਲਾ ਰਿਹਾ ਹੈ।
ਪੁਲਿਸ ਨੇ ਡਿਫੈਂਸ ਕਾਲੋਨੀ ਸਥਿਤ ਅੰਗਦ ਦੱਤਾ ਦੀ ਕੋਠੀ, ਜਿਸ ਦੇ ਇਕ ਕਮਰੇ ‘ਚ ਕੇਬਲ ਨੈੱਟਵਰਕ ਨਾਲ ਜੁੜਿਆ ਸਾਮਾਨ ਪਿਆ ਸੀ, ਨੂੰ ਸੀਲ ਕਰ ਦਿੱਤਾ। ਏਸੀਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਉਦੋਂ ਭੜਕਿਆ ਜਦੋਂ ਪੁਲਿਸ ਨੇ ਅੰਗਦ ਦੱਤਾ ਦੇ ਭਰਾ ਕਰਨ ਦੱਤਾ ਨੂੰ ਰਾਊਂਡਅੱਪ ਕਰ ਲਿਆ ਤੇ ਥਾਣਾ ਬਾਰਾਦਰੀ ਲੈ ਗਏ। ਕਰਨ ਦੱਤਾ ਨਗਰ ਨਿਗਮ ‘ਚ ਐੱਸਡੀਓ ਹੈ ਤੇ ਇਸ ਤੋਂ ਇਲਾਵਾ ਨਿਗਮ ਅਫਸਰਾਂ ਤੇ ਮੁਲਾਜ਼ਮਾਂ ਦਾ ਵੀ ਦਬਾਅ ਵਧਿਆ ਤਾਂ ਪੁਲਿਸ ਨੇ ਕਰਨ ਦੱਤਾ ਨੂੰ ਛੱਡ ਦਿੱਤਾ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋ ਗਏ। ਅੰਗਦ ਦੱਤਾ ਦਾ ਪੱਖ ਰੱਖਣ ਲਈ ਮੌਕੇ ‘ਤੇ ਉਨ੍ਹਾਂ ਦੇ ਵਕੀਲ ਵੀ ਹਾਜ਼ਰ ਰਹੇ। ਅੰਗਦ ਦੱਤਾ ‘ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਜਲੰਧਰ ਸ਼ਹਿਰ ਦੇ ਕੇਬਲ ਆਪ੍ਰੇਟਰਾਂ ਦੇ ਕੇਬਲ ਦੇ ਡੱਬੇ ਚੁੱਕੇ ਹਨ।
ਪੁਲਿਸ ਵੱਲੋਂ ਅੰਗਦ ਦੱਤਾ ਖਿਲਾਫ ਧਾਰਾ 379, 406 ਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਾਂਗਰਸੀ ਆਗੂ ਅੰਗਦ ਦੱਤਾ ਜੋ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕਰੀਬੀ ਕਰੀਬੀ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: