ਫਾਜ਼ਿਲਕਾ ਵਿੱਚ ਹਾਲ ਹੀ ਵਿੱਚ ਹੋਈਆਂ ਅਰਨੀਵਾਲਾ ਨਗਰ ਕੌਂਸਲ ਚੋਣਾਂ ਤੋਂ ਬਾਅਦ ਅੱਜ ਅਰਨੀਵਾਲਾ ਨਗਰ ਪੰਚਾਇਤ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਆਮ ਆਦਮੀ ਪਾਰਟੀ (ਆਪ) ਕਮੇਟੀ ਦਾ ਗਠਨ ਕੀਤਾ ਗਿਆ। ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਪ੍ਰਧਾਨਗੀ ਹੇਠ ਮੋਨੂੰ ਕੁੱਕੜ ਨੂੰ ਨਗਰ ਪ੍ਰਧਾਨ ਦੀ ਕੁਰਸੀ ‘ਤੇ ਬਿਠਾਇਆ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਇਸ ਮੌਕੇ ਮੌਜੂਦ ਸਨ ਅਤੇ ਉਨ੍ਹਾਂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਵਿਧਾਇਕ ਗੋਲਡੀ ਕੰਬੋਜ ਨੇ ਇਸ ਨਿਯੁਕਤੀ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਹ ਅਰਨੀਵਾਲਾ ਨਗਰ ਪੰਚਾਇਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਨਗਰ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

ਵਿਧਾਇਕ ਨੇ ਭਰੋਸਾ ਦਿੱਤਾ ਕਿ ਹੁਣ ਜਦੋਂ ‘ਆਪ’ ਨਗਰ ਪੰਚਾਇਤ ਵਿਚ ਕਾਬਜ਼ ਹੋ ਚੁੱਕੀ ਹੈ, ਜਿਸ ਨਾਲ ਬਿਨਾਂ ਕਿਸੇ ਭੇਦਭਾਵ ਦੇ ਨਿਰਪੱਖ ਢੰਗ ਨਾਲ ਵਿਕਾਸ ਕਾਰਜ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਰਨੀਵਾਲਾ ਵਿਚ ਕੋਰੜਾਂ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਆਉਣ ਵਾਲੇ 4 ਮਹੀਨਿਆਂ ਦੇ ਅੰਦਰ ਇਲਾਕੇ ਵਿਚ ਵਿਕਾਸ ਦੀ ਇੱਕ ਨਵੀਂ ਲਹਿਰ ਦਿਖਾਈ ਦੇਵੇਗੀ। ਇਸੇ ਵਿਕਾਸ ਨੀਤੀ ਕਾਰਨ ਜਨਤਾ ਨੇ ‘ਆਪ’ ਨੂੰ ਇਹ ਫਤਵਾ ਦਿੱਤਾ ਹੈ।
ਕਿਸਨੂੰ ਕਿਹੜੀ ਸੀਟ ਮਿਲੀ?
ਨਗਰ ਪ੍ਰਧਾਨ: ਵਾਰਡ 9 ਤੋਂ ‘ਆਪ’ ਕੌਂਸਲਰ ਮੋਨੂੰ ਕੁੱਕੜ।
ਸੀਨੀਅਰ ਉਪ ਪ੍ਰਧਾਨ: ਸ਼ਿਵ ਕੁਮਾਰ ਭੱਲਾ।
ਉਪ ਪ੍ਰਧਾਨ: ਮਹਿਲਾ ਕੌਂਸਲਰ ਕੁਲਵੰਤ ਕੌਰ।

ਨਵ-ਨਿਯੁਕਤ ਨਗਰ ਪ੍ਰਧਾਨ ਮੋਨੂੰ ਕੁੱਕੜ ਅਤੇ ਉਨ੍ਹਾਂ ਦੇ ਪਤੀ, ਕੌਂਸਲਰ ਅਜੈ ਕੁੱਕੜ ਨੇ ਇਸ ਮੌਕੇ ਪਾਰਟੀ ਲੀਡਰਸ਼ਿਪ ਅਤੇ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 9 ਤੋਂ ਚੋਣ ਬਹੁਤ ਔਖੀ ਸੀ ਅਤੇ ਉਨ੍ਹਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਅਖੀਰ ਵਿੱਚ ਉਨ੍ਹਾਂ ਨੇ ਇਹ ਵਾਰਡ 50 ਵੋਟਾਂ ਦੇ ਫਰਕ ਨਾਲ ਜਿੱਤਿਆ। ਮੋਨੂੰ ਕੁੱਕੜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਨਿਪੁੰਨਤਾ ਨਾਲ ਨਿਭਾਉਣਗੇ।
ਤਾਜਪੋਸ਼ੀ ਸਮਾਰੋਹ ਦੌਰਾਨ ਵਿਧਾਇਕ ਕੰਬੋਜ ਨੇ ਮੁੱਖ ਮੰਤਰੀ ਮਾਨ ਦੀ ਮਾਤਾ ਹਰਪਾਲ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ‘ਤੇ ‘ਆਪ’ ਆਗੂ ਹੈਪੀ ਸੰਧੂ ਅਤੇ ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਲੀਡਰਸ਼ਿਪ ਅਤੇ ਸਥਾਨਕ ਸਮਰਥਕ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:










