ਜਲੰਧਰ ਦੇਹਾਤ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਵੱਖ-ਵੱਖ ਮਾਮਲਿਆਂ ਵਿਚ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਇਕ ਨਸ਼ਾ ਤਸਕਰ ਕੋਲੋਂ ਉਸ ਦੀ ਕਾਰ ‘ਚੋਂ 40 ਕਿਲੋ ਭੁੱਕੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਦੂਜੇ ਨਸ਼ਾ ਤਸਕਰ ਕੋਲੋਂ ਪੁਲਿਸ ਨੇ ਤਲਾਸ਼ੀ ਦੌਰਾਨ 243 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਭੁੱਕੀ ਨੂੰ ਥਾਣਾ ਲੰਬੀ ਅਧੀਨ ਪੈਂਦੇ ਕੋਹਾਲਾ ਵਿਖੇ ਅਤੇ ਨਸ਼ੀਲੀਆਂ ਗੋਲੀਆਂ ਮਹਿਤਪੁਰ ਦੇ ਟਾਵਰ ਚੌਕ ‘ਤੋਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਮਾਮਲੇ ਸਬੰਧੀ SP ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੂੰ ਸੂਚਨਾ ਮਿਲੀ ਸੀ ਕਿ ਲਾਂਬੜਾ ਥਾਣਾ ਕੋਹਾਲਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ‘ਤੇ ਪੁਸ਼ਪਾ ਬਾਲੀ ਨੇ ਇਕ ਟੀਮ ਤਿਆਰ ਕਰਕੇ ਕੋਹਾਲਾ ਭੇਜ ਦਿੱਤੀ। ਜਦੋਂ ਟੀਮ ਕੋਹਾਲਾ ਦੇ ਸਿਵਲ ਪਸ਼ੂ ਹਸਪਤਾਲ ਦੇ ਕੋਲ ਮੌਜੂਦ ਸੀ ‘ਤਾਂ ਉੱਥੇ ਇੱਕ ਚਿੱਟੇ ਰੰਗ ਦੀ ਕਾਰ ਨੰਬਰ PB-41D-0551 ਸਾਹਮਣੇ ਤੋਂ ਆਉਂਦੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਹਸਪਤਾਲ ਨੇੜੇ ਪੁਲਿਸ ਨੂੰ ਦੇਖ ਕੇ ਕਾਰ ਚਾਲਕ ਨੇ ਕਾਰ ਪਿੱਛੇ ਵੱਲ ਭਜਾ ਦਿੱਤੀ। ਇਸ ’ਤੇ ਕ੍ਰਾਈਮ ਬ੍ਰਾਂਚ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਜਦੋਂ ਕਾਰ ਚਾਲਕ ਨੂੰ ਬਾਹਰ ਕੱਢ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਟਰੰਕ ਵਿੱਚੋਂ ਇੱਕ ਪਲਾਸਟਿਕ ਦੇ ਥੈਲੇ ਵਿੱਚ ਭੁੱਕੀ ਮਿਲੀ। ਜਦੋਂ ਭੁੱਕੀ ਦੀ ਬੋਰੀ ਦਾ ਭਾਰ ਇਲੈਕਟ੍ਰਾਨਿਕ ਮੀਟਰ ’ਤੇ ਮਾਪਿਆ ਗਿਆ ਤਾਂ ਇਹ 40 ਕਿਲੋ ਨਿਕਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮਾਂ ਨੇ ਕਾਰ ਡਰਾਈਵਰ ਦਾ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਸਤਨਾਮ ਸਿੰਘ ਉਰਫ਼ ਸੱਤੂ ਪੁੱਤਰ ਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਕਪੂਰਥਲਾ ਅਧੀਨ ਪੈਂਦੇ ਪਿੰਡ ਲਾਟੀਆਂਵਾਲ ਦੱਸਿਆ।
DSP ਸ਼ਾਹਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੇ SI ਭੁਪਿੰਦਰ ਸਿੰਘ ਆਪਣੇ ਸਟਾਫ਼ ਨਾਲ ਟਾਵਰ ਚੌਕ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਗੁਰਚਰਨ ਸਿੰਘ ਉਰਫ਼ ਮਰਹੱਟਾ ਪੁੱਤਰ ਬਲਦੇਵ ਸਿੰਘ ਵਾਸੀ ਮਹਿਤਪੁਰ ਕਿਸੇ ਨੂੰ ਨਸ਼ੇ ਦੀ ਖੇਪ ਪਹੁੰਚਾਉਣ ਜਾ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਕੋਲ ਰੱਖੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 243 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: