ਖਮਾਣੋਂ ਦੇ ਪਿੰਡ ਰਾਣਵਾ ਵਿਚ ਹੋਏ ਦਰਦਨਾਕ ਹਾਦਸੇ ਵਿਚ 3 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਵਨਪ੍ਰੀਤ ਵਜੋਂ ਹੋਈ ਹੈ। ਬੱਚਾ ਆਪਣੇ ਦਾਦਾ-ਦਾਦੀ ਨਾਲ ਬੈੱਡ ‘ਤੇ ਸੌਂ ਰਿਹਾ ਸੀ ਕਿ ਅਚਾਨਕ ਕਮਰੇ ਵਿਚ ਢਾਈ ਤੋ 3 ਫੁੱਟ ਦਾ ਸੱਪ ਵੜ ਗਿਆ ਜਿਸ ਨੇ ਬੱਚੇ ਨੂੰ ਡੰਗ ਲਿਆ। ਪਰਿਵਾਰਕ ਮੈਂਬਰ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬੱਚੇ ਦੇ ਦਾਦਾ ਹਰਬੰਸ ਸਿੰਘ ਤੇ ਦਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਬੱਚੇ ਦਾ ਪਾਲਣ ਪੋਸ਼ਣ ਉਹ ਹੀ ਕਰ ਰਹੇ ਸਨ। ਅੱਜ ਆਪਣੇ 2 ਪੋਤਿਆਂ ਦੇ ਨਾਲ ਕਮਰੇ ਵਿਚ ਸੌਂ ਰਹੇ ਸਨ ਕਿ ਅਚਾਨਕ ਕਮਰੇ ਵਿਚ ਵੜ ਗਏ ਸੱਪ ਨੇ ਛੋਟੇ ਬੱਚੇ ਨੂੰ ਡੰਗ ਮਾਰ ਦਿੱਤਾ ਤੇ ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਬੱਚਾ ਬੇਹੋਸ਼ ਹੋ ਗਿਆ। ਜਦੋਂ ਤੱਕ ਸਿਵਲ ਹਸਪਤਾਲ ਲੈ ਕੇ ਪਹੁੰਚੇ ਉਸ ਦੀ ਮੌਤ ਹੋ ਗਈ। ਪਿੰਡ ਦੇ ਨੰਬਰਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਪਰਿਵਾਰ ਨਾਲ ਕੁਝ ਸਮੇਂ ਵਿਚ ਦੂਜੀ ਵਾਰ ਅਨਹੋਣੀ ਹੋਈ ਹੈ। ਪਹਿਲਾਂ ਹਰਬੰਸ ਸਿੰਘ ਦੇ ਪੁੱਤ ਦੀ ਮੌਤ ਹੋ ਗਈ ਸੀ ਤੇ ਹੁਣ ਉਸ ਦੇ ਪੋਤੇ ਦੀ ਮੌਤ ਹੋ ਗਈ। ਸਾਰੇ ਪਿੰਡ ਵਿਚ ਗਮ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:










