ਸੋਮਵਾਰ ਨੂੰ ਉੱਤਰੀ ਜਾਪਾਨ ਵਿੱਚ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.4 ਰਹੀ। ਭੂਚਾਲ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਸੁਨਾਮੀ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਅਤੇ ਤੱਟਵਰਤੀ ਖੇਤਰਾਂ ਦੇ ਵਸਨੀਕਾਂ ਨੂੰ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਐਮਰਜੈਂਸੀ ਟਾਸਕ ਫੋਰਸ ਬਣਾਈ ਹੈ ਅਤੇ ਲੋਕਾਂ ਨੂੰ ਤੱਟਵਰਤੀ ਖੇਤਰਾਂ ਨੂੰ ਛੱਡਣ ਅਤੇ ਸੁਰੱਖਿਅਤ ਉਚਾਈ ‘ਤੇ ਜਾਣ ਦੀ ਅਪੀਲ ਕੀਤੀ ਹੈ। ਭੂਚਾਲ ਕਾਰਨ ਟੋਕੀਓ ਅਤੇ ਓਮੋਰੀ ਵਿਚਕਾਰ ਬੁਲੇਟ ਟ੍ਰੇਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਿਜਲੀ ਕੰਪਨੀਆਂ ਪ੍ਰਮਾਣੂ ਪਲਾਂਟਾਂ ਸਮੇਤ ਆਪਣੀਆਂ ਸਹੂਲਤਾਂ ਦਾ ਮੁਆਇਨਾ ਕਰ ਰਹੀਆਂ ਹਨ।
ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਪ੍ਰਸ਼ਾਂਤ ਮਹਾਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ, ਖਾਸ ਕਰਕੇ ਇਵਾਤੇ, ਆਓਮੋਰੀ ਅਤੇ ਹੋੱਕਾਇਡੋ ਸੂਬਿਆਂ ਵਿਚ 3 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਦੀ ਚਿਤਾਵਨੀ ਦਿੱਤੀ। ਲੋਕਾਂ ਨੂੰ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।

ਭੂਚਾਲ ਤੋਂ ਤੁਰੰਤ ਬਾਅਦ ਜਾਪਾਨ ਦੇ ਜਨਤਕ ਪ੍ਰਸਾਰਕ, NHK ਨੇ ਤੱਟਵਰਤੀ ਖੇਤਰਾਂ ਲਈ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ। ਸਾਵਧਾਨੀ ਵਜੋਂ ਹਾਚਿਨੋਹੇ ਬੰਦਰਗਾਹ ਤੋਂ ਜਹਾਜ਼ਾਂ ਨੂੰ ਸੁਰੱਖਿਅਤ ਪਾਣੀਆਂ ਵੱਲ ਮੋੜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸੁਨਾਮੀ ਦੀਆਂ ਲਹਿਰਾਂ ਜਲਦੀ ਹੀ ਤੱਟ ਨਾਲ ਟਕਰਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਸਮੁੰਦਰ ਦੇ ਨੇੜੇ ਜਾਣ ਤੋਂ ਬਚਣਾ ਚਾਹੀਦਾ ਹੈ। ਇਵਾਤੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੰਗੀ ਪੱਧਰ ‘ਤੇ ਨਿਕਾਸੀ ਦੇ ਯਤਨ ਜਾਰੀ ਹਨ।
ਕਿਓਡੋ ਨਿਊਜ਼ ਏਜੰਸੀ ਮੁਤਾਬਕ ਟੋਕੀਓ ਤੋਂ ਓਮੋਰੀ ਤੱਕ ਚੱਲਣ ਵਾਲੀਆਂ ਬੁਲੇਟ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ। ਕਈ ਥਾਵਾਂ ‘ਤੇ ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਣ ਦੀਆਂ ਵੀ ਖਬਰਾਂ ਹਨ। ਰੇਲਵੇ ਸਟਾਫ ਪਟੜੀਆਂ ਤੇ ਸਟੇਸ਼ਨਾਂ ਦੀ ਜਾਂਚ ਵਿਚ ਜੁਟਿਆ ਹੈ, ਤਾਂਕਿ ਸੇਵਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਹਾਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਨੇ 3 ਮੁਲਜ਼ਮਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ
ਹਾਲਾਂਕਿ ਹੋੱਕਾਈਡੋ ਅਤੇ ਤੋਹੋਕੂ ਖੇਤਰ ਵਿੱਚ ਕੋਈ ਵੀ ਪ੍ਰਮਾਣੂ ਪਲਾਂਟ ਇਸ ਸਮੇਂ ਕੰਮ ਨਹੀਂ ਕਰ ਰਿਹਾ ਹੈ, ਪਰ ਸਾਵਧਾਨੀ ਵਜੋਂ ਨਿਰੀਖਣ ਸ਼ੁਰੂ ਕਰ ਦਿੱਤੇ ਗਏ ਹਨ। ਤੋਹੋਕੂ ਇਲੈਕਟ੍ਰਿਕ ਪਾਵਰ ਇਸ ਸਮੇਂ ਭੂਚਾਲ ਜਾਂ ਸੁਨਾਮੀ ਤੋਂ ਕਿਸੇ ਵੀ ਸੰਭਾਵੀ ਨੁਕਸਾਨ ਦਾ ਪਤਾ ਲਗਾਉਣ ਲਈ ਬੰਦ ਕੀਤੇ ਗਏ ਓਨਾਗਾਵਾ ਪ੍ਰਮਾਣੂ ਪਲਾਂਟ ਦਾ ਨਿਰੀਖਣ ਕਰ ਰਿਹਾ ਹੈ। ਟੋਕਿਓ ਇਲੈਕਟ੍ਰਿਕ ਪਾਵਰ ਕੰਪਨੀ ਆਪਣੀਆਂ ਬਿਜਲੀ ਲਾਈਨਾਂ ਅਤੇ ਹੋਰ ਸਹੂਲਤਾਂ ਦਾ ਵੀ ਮੁਲਾਂਕਣ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:











