ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਖੂਈਖੇੜਾ ਦੀ ਪੁਲਿਸ ਨੇ ਇਕ ਕਾਰ ‘ਚੋਂ 140 ਕਿਲੋ ਭੁੱਕੀ ਬਰਾਮਦ ਕੀਤਾ ਹੈ। ਜਦਕਿ ਪੁਲਿਸ ਨੂੰ ਦੇਖ ਕੇ ਨਸ਼ਾ ਤਸਕਰ ਮੌਕੇ ‘ਤੇ ਗੱਡੀ ਛੱਡ ਕੇ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਪੁਲਿਸ ਨੂੰ ਕਾਰ ਦੀ ਚੈਕਿੰਗ ਦੌਰਾਨ ਇਕ ਮੋਬਾਇਲ ਫੋਨ ਵੀ ਮਿਲਿਆ ਹੈ। ਪੁਲਿਸ ਨੇ ਕਾਰ ਅਤੇ ਭੁੱਕੀ ਨੂੰ ਆਪਣੇ ਕਬਜ਼ੇ ‘ਚ ਲੈ ਕੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਐਸਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਗਸ਼ਤ ’ਤੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਨਿਹਾਲਖੇੜਾ ਨੇੜੇ ਪਹੁੰਚੇ ਤਾਂ ਪਿੰਡ ਚੂਹੜੀਵਾਲਾ ਧੰਨਾ ਵੱਲੋਂ ਇੱਕ ਕਾਰ DL 8CX 4055 ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਅਧਾਰ ‘ਤੇ ਪੁਲਿਸ ਨੇ ਗੱਡੀ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ। ਪਰ ਪੁਲਿਸ ਨੂੰ ਦੇਖ ਕੇ ਡਰਾਈਵਰ ਨੇ ਕਾਰ 100 ਗਜ਼ ਪਹਿਲਾਂ ਹੀ ਰੋਕ ਦਿੱਤੀ। ਜਿਸ ਤੋਂ ਬਾਅਦ ਕਾਰ ‘ਚ ਸਵਾਰ ਦੋਵੇਂ ਦੋਸ਼ੀ ਕਿੰਨੂ ਦੇ ਬਾਗ ਵੱਲ ਭੱਜ ਗਏ।
ਇਹ ਵੀ ਪੜ੍ਹੋ : ਮੁਕਤਸਰ ਪੁਲਿਸ ਦੇ ਹੱਥੇ ਚੜੇ 3 ਨਸ਼ਾ ਤਸਕਰ, 2350 ਨਸ਼ੀਲੀਆਂ ਗੋਲੀਆਂ ਸਣੇ ਬਾਈਕ ਕੀਤਾ ਜ਼ਬਤ
ਇਸ ਮਗਰੋਂ ਜਦੋਂ ਪੁਲਿਸ ਦੀ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 7 ਪਲਾਸਟਿਕ ਦੇ ਥੈਲਿਆਂ ‘ਚ 140 ਕਿਲੋ ਭੁੱਕੀ ਅਤੇ 1 ਵੀਵੋ ਦਾ ਮੋਬਾਇਲ ਬਰਾਮਦ ਹੋਇਆ। ਪੁਲਿਸ ਨੇ ਮੋਬਾਈਲ ਅਤੇ ਕਾਰ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੋਬਾਈਲ ਅਤੇ ਕਾਰ ਦੇ ਨੰਬਰਾਂ ਰਾਹੀਂ ਮੁਲਜ਼ਮਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: