ਪੰਜਾਬ ਦੇ ਅਬੋਹਰ CIA ਸਟਾਫ਼-2 ਦੀ ਪੁਲਿਸ ਨੇ ਅਜ਼ੀਮਗੜ੍ਹ ਰੋਡ ਬਾਈਪਾਸ ਤੋਂ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇੱਕ ਨੌਜਵਾਨ ਕੋਲੋਂ 2 ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਦੂਜੇ ਨੌਜਵਾਨ ਦੇ ਕਬਜ਼ੇ ‘ਚੋਂ 32 ਬੋਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਦੇ ਦੋ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹਨ। ਥਾਣਾ ਨੰਬਰ-2 ਦੀ ਪੁਲਿਸ ਨੇ ਚਾਰਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ SSP ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਬੀਤੀ 28 ਜੂਨ ਨੂੰ CIA ਸਟਾਫ਼ ਦੀ ਪੁਲਿਸ ਨੇ ਅਜ਼ੀਮਗੜ੍ਹ ਰੋਡ ਬਾਈਪਾਸ ਨੇੜੇ ਸ਼ੱਕ ਦੇ ਅਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਨੌਜਵਾਨ ਦੀ ਪਛਾਣ ਥਾਣਾ ਕਬਰਵਾਲਾ ਅਧੀਨ ਪੈਂਦੇ ਪਿੰਡ ਕਰਮਪੱਤੀ ਵਾਸੀ ਖੁਸ਼ਕਰਨ ਸਿੰਘ ਪੁੱਤਰ ਹਰਬੰਸ਼ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਮਾਈਨਿੰਗ ਵਿਭਾਗ ਦੀ ਟੀਮ ‘ਤੇ ਹਮਲਾ, ਇਕ ਮੁਲਾਜ਼ਮ ਜ਼ਖਮੀ, ਮੁਲਜ਼ਮ ਟਰੈਕਟਰ ਲੈ ਕੇ ਫਰਾਰ
ਥਾਣਾ ਨੰਬਰ 2 ਦੀ ਪੁਲਿਸ ਨੇ ਖੁਸ਼ਕਰਨ ਸਿੰਘ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁਕੱਦਮਾ ਨੰਬਰ 68 ਦਰਜ ਕੀਤਾ ਹੈ। ਪੁੱਛਗਿੱਛ ਦੌਰਾਨ ਖੁਸ਼ਕਰਨ ਨੇ ਦੱਸਿਆ ਕਿ ਉਸ ਨੇ ਥਾਣਾ ਬਹਾਵਵਾਲਾ ਅਧੀਨ ਪੈਂਦੇ ਪਿੰਡ ਰਾਜਾਂਵਾਲੀ ਵਾਸੀ ਨਵੀਨ ਕੁਮਾਰ ਉਰਫ਼ ਆਰਜੂ ਬਿਸ਼ਰੋਏ ਨੂੰ 32 ਬੋਰ ਦੇ 3 ਪਿਸਤੌਲ ਦਿੱਤੇ ਸਨ। ਖੁਸ਼ਕਰਨ ਅਨੁਸਾਰ ਉਸ ਨੇ ਇਸ ਵਿੱਚੋਂ ਇੱਕ ਪਿਸਤੌਲ ਰਾਹੁਲ ਘਾਰੂ ਨੂੰ ਅਤੇ ਦੂਜਾ ਪਿਸਤੌਲ ਅੰਕੁਸ਼ ਵਾਸੀ ਪਿੰਡ ਰਾਜਾਂਵਾਲੀ ਨੂੰ ਦਿੱਤਾ।
ਪੁਲਿਸ ਨੇ ਖੁਸ਼ਕਰਨ ਖ਼ਿਲਾਫ਼ ਦਰਜ ਕੇਸ ਵਿੱਚ ਰਾਹੁਲ ਘਾਰੂ ਪੁੱਤਰ ਰਾਜ ਕੁਮਾਰ ਵਾਸੀ ਦਿਆਲ ਨਗਰੀ, ਅਬੋਹਰ, ਨਵੀਨ ਅਤੇ ਅੰਕੁਸ਼ ਨੂੰ ਸ਼ਾਮਲ ਕਰਕੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ। ਫਿਲਹਾਲ ਨਵੀਨ ਕੁਮਾਰ ਅਤੇ ਅੰਕੁਸ਼ ਦੋਵੇਂ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ, ਜਿਨ੍ਹਾਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: