ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਨੇ ਪੰਜਾਬ ਕਾਂਗਰਸ ਵਿੱਚ ਖਲਬਲੀ ਮਚਾ ਦਿੱਤੀ ਹੈ। ਪੰਜਾਬ ਦੇ ਚਾਰ ਹੋਰ ਸਾਬਕਾ ਕਾਂਗਰਸੀ ਮੰਤਰੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ ਰਾਜਕੁਮਾਰ ਵੇਰਕਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ ਤੇ ਬਲਬੀਰ ਸਿੱਧੂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਹਿੰਦਰ ਕੌਰ ਜੋਸ਼ ਤੇ ਕੇਵਲ ਢਿੱਲੋਂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਤੇ ਮੋਹਾਲੀ ਤੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਨ੍ਹਾਂ ਨੂੰ ਬੀਜੇਪੀ ਦੀ ਮੁੱਢਲੀ ਮੈਂਬਰਸ਼ਿਪ ਦਿਵਾਉਣਗੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕਾਂਗਰਸੀ ਆਗੂ ਤੇ ਵਰਕਰਾਂ ਨੇ ਅੱਜ ਬੀਜੇਪੀ ਦਾ ਪੱਲਾ ਫੜਿਆ।
ਇਸ ਤੋਂ ਪਹਿਲਾਂ ਇਹ ਚਾਰੇ ਸਾਬਕਾ ਮੰਤਰੀ ਸੁਨੀਲ ਜਾਖੜ ਦੇ ਘਰ ਨਜ਼ਰ ਆਏ ਸਨ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਸਾਬਕਾ ਕਾਂਗਰਸੀ ਮੰਤਰੀ ਖੁਸ਼ਨੁਮਾ ਮੂਡ ਵਿੱਚ ਨਜ਼ਰ ਆ ਰਹੇ ਹਨ। ਸੁਨੀਲ ਜਾਖੜ ਨੇ ਹੁਣੇ ਜਿਹੇ ਹੀ ਕਾਂਗਰਸ ਛੱਡੀ ਸੀ, ਇਸ ਮਗਰੋਂ ਪੰਜਾਬ ਕਾਂਗਰਸਨ ਨੂੰ ਤਕੜੇ ਝਟਕੇ ਮਿਲ ਰਹੇ ਹਨ।
ਰਾਜਕੁਮਾਰ ਵੇਰਕਾ ਪੰਜਾਬ ਦੇ ਮਾਝਾ ਇਲਾਕੇ ਵਿੱਚ ਅੰਮ੍ਰਿਤਸਰ ਤੋਂ ਆਉਂਦੇ ਹਨ। ਉਹ ਵੱਡੇ ਦਲਿਤ ਨੇਤਾ ਹਨ। ਇਸ ਵਾਰ ਉਹ ਚੋਣਾਂ ਹਾਰ ਗਏ, ਪਰ ਉਨ੍ਹਾਂ ਦਾ ਦਬਦਬਾ ਬਰਕਰਾਰ ਹੈ। ਦੂਜੇ ਪਾਸੇ ਗੁਰਪ੍ਰੀਤ ਕਾਂਗੜ ਮਾਲਵਾ ਤੋਂ ਚੋਟੀ ਦੇ ਆਗੂ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵੀ ਰਹੇ ਹਨ। ਬਲਬੀਰ ਸਿੱਧੂ ਮੋਹਾਲੀ ਤੋਂ ਹਨ, ਜਦਕਿ ਸ਼ਾਮਲ ਸੁੰਦਰ ਅਰੋੜਾ ਹੁਸ਼ਿਆਰਪੁਰ ਤੋਂ ਆਉਂਦੇ ਹਨ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: