ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਸਵੇਰੇ ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅਸਾਮ ਦਾ ਇੱਕ ਵਣ ਗਾਰਡ ਵੀ ਸ਼ਾਮਲ ਹੈ। ਦੱਸਿਆ ਗਿਆ ਹੈ ਕਿ ਸਰਹੱਦ ਦੇ ਨਾਲ ਲੱਗਦੇ ਜੰਗਲ ‘ਚੋਂ ਕੁਝ ਲੋਕ ਟਰੱਕ ਰਾਹੀਂ ਲੱਕੜਾਂ ਦੀ ਤਸਕਰੀ ਕਰ ਰਹੇ ਸਨ। ਜਦੋਂ ਅਸਾਮ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਉਨ੍ਹਾਂ ਨੂੰ ਰੋਕਿਆ ਤਾਂ ਗੋਲੀਬਾਰੀ ਹੋਈ।
ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਮਰਨ ਵਾਲੇ 5 ਲੋਕ ਮੇਘਾਲਿਆ ਦੇ ਰਹਿਣ ਵਾਲੇ ਹਨ। ਇਸ ਘਟਨਾ ਦੀ ਖ਼ਬਰ ਫੈਲਦੇ ਹੀ ਮੇਘਾਲਿਆ ਦੇ 7 ਜ਼ਿਲ੍ਹਿਆਂ ਦੇ ਲੋਕ ਭੜਕ ਗਏ । ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਹੁਕਮਾਂ ‘ਤੇ 7 ਜ਼ਿਲ੍ਹਿਆਂ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਵਟਸਐਪ, ਫੇਸਬੁੱਕ, ਟਵਿਟਰ, ਯੂਟਿਊਬ ਆਦਿ ਅਗਲੇ 48 ਘੰਟਿਆਂ ਲਈ ਬੰਦ ਰਹਿਣਗੇ। ਇਨ੍ਹਾਂ 7 ਜ਼ਿਲ੍ਹਿਆਂ ‘ਚ ਪੱਛਮੀ ਜੈਂਤੀਆ ਪਹਾੜੀਆਂ, ਪੂਰਬੀ ਜੈਂਤੀਆ ਪਹਾੜੀਆਂ, ਪੂਰਬੀ ਖਾਸੀ ਪਹਾੜੀਆਂ, ਰੀ-ਭੋਈ, ਪੂਰਬੀ ਪੱਛਮੀ ਖਾਸੀ ਪਹਾੜੀਆਂ, ਪੱਛਮੀ ਖਾਸੀ ਪਹਾੜੀਆਂ ਅਤੇ ਦੱਖਣ ਪੱਛਮੀ ਖਾਸੀ ਪਹਾੜੀਆਂ ਸ਼ਾਮਲ ਹਨ।
ਇਸ ਹਾਦਸੇ ਨੂੰ ਦੁਖਦ ਦੱਸਦੇ ਹੋਏ ਮੇਘਾਲਿਆ ਦੇ ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜੋ ਵੀ ਹੋਇਆ ਬਹੁਤ ਦੁਖਦਾਈ ਹੈ। ਮੇਘਾਲਿਆ ਪੁਲਿਸ ਨੇ ਇਸ ਘਟਨਾ ਵਿੱਚ FIR ਦਰਜ ਕਰ ਲਈ ਹੈ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: