ਪਿੰਡ ਗੁੜ੍ਹੇ/ਜਗਰਾਉਂ : ਅਰਜਨਾ ਐਵਾਰਡੀ ਸ. ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਵਿੱਚ 73ਵੀਂ ਸੀਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਪਿੰਡ ਗੁੜ੍ਹੇ ਵਿਖੇ ਸ਼ੁਰੂ ਹੋ ਗਈ ਹੈ, ਜੋ ਕਿ 23 ਮਾਰਚ ਤੱਕ ਖੇਡੀ ਜਾਵੇਗੀ।ਦੱਸਣਯੋਗ ਹੈ ਕਿ ਅਰਜਨਾ ਐਵਾਰਡੀ ਸ. ਗੁਰਦਿਆਲ ਸਿੰਘ ਮੱਲ੍ਹੀ ਪਿੰਡ ਗੁੜ੍ਹੇ ਨਾਲ ਸਬੰਧਤ ਸਨ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਅਤੇ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਚੈਂਪੀਅਨਸ਼ਿਪ ਦਾ ਉਦਘਾਟਨ ਗੁਰਬਾਜ਼ ਸਿੰਘ ਓਲੰਪੀਅਨ ਹਾਕੀ ਖਿਡਾਰੀ ਅਤੇ ਐੱਸ ਪੀ ਸਥਾਨਕ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕੀਤਾ ਗਿਆ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਸੰਗਰੂਰ ਨੇ ਫਰੀਦਕੋਟ ਨੂੰ 92-72 ਅੰਕਾਂ ਨਾਲ, ਹੁਸ਼ਿਆਰਪੁਰ ਨੇ ਪਟਿਆਲਾ ਨੂੰ 67-55 ਅੰਕਾਂ ਨਾਲ, ਰੋਪੜ ਨੇ ਖੰਨਾ ਨੂੰ 61-34 ਅੰਕਾਂ ਨਾਲ ਅਤੇ ਲੁਧਿਆਣਾ ਅਕਾਦਮੀ ਨੇ ਬਠਿੰਡਾ ਨੂੰ 86-77 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਜ਼ਿਲ੍ਹਾ ਲੁਧਿਆਣਾ ਨੇ ਪਟਿਆਲਾ ਨੂੰ 43-18 ਅੰਕਾਂ ਨਾਲ ਅਤੇ ਅੰਮ੍ਰਿਤਸਰ ਨੇ ਕਪੂਰਥਲਾ ਨੂੰ 59-19 ਅੰਕਾਂ ਨਾਲ ਮਾਤ ਦਿੱਤੀ।
ਇਸ ਮੌਕੇ ਸਾਬਕਾ ਪੁਲਿਸ ਅਧਿਕਾਰੀ ਅਤੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਯੁਰਿੰਦਰ ਸਿੰਘ ਹੇਅਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਰੋਮਾਣਾ, ਸਾਬਕਾ ਸਰਪੰਚ ਸੋਹਣ ਸਿੰਘ, ਅਵਤਾਰ ਸਿੰਘ ਭੋਲਾ, ਵੀਰਪਾਲ ਸਿੰਘ, ਮਲਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਅਮਨ ਖੈਹਰਾ, ਬਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: