ਰੂਪਨਗਰ/ਚੰਡੀਗੜ੍ਹ : ਪੰਜਾਬ ਸਰਾਕਰ ਵੱਲੋਂ ਸੂਬੇ ਵਿਚ ਹੜ੍ਹ ਰੋਕਥਾਮ ਕੰਮਾਂ ਲਈ 99.33 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਹ ਕੰਮ 30 ਜੂਨ ਤੱਕ ਹਰ ਕੀਮਤ ‘ਤੇ ਮੁਕੰਮਲ ਹੋਣਗੇ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਰੋਪੜ ਹੈਂਡ ਵਰਕਸ ਵਿਚ ਸਿੰਚਾਈ ਪ੍ਰਾਜੈਕਟਾਂ ਦਾ ਨਿਰੀਖਣ ਕਰਨ ਲਈ ਕੀਤੇ ਗਏ ਅਚਨਚੇਤ ਦੌਰੇ ਮੌਕੇ ਕਹੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੰਚਾਈ ਲਈ ਜਿਥੇ ਨਹਿਰੀ ਨੈਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਮੀਂਹ ਦੇ ਸੀਜਨ ਦੌਰਾਨ ਸੰਭਾਵਿਤ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਵੀ ਅਜੇ ਤੋਂ ਕਮਰ ਕਸ ਲਈ ਗਈ ਹੈ। ਉੁਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਹੜ੍ਹ ਲਈ ਰੱਖੇ ਕੁੱਲ 99.33 ਕਰੋੜ ਵਿਚੋਂ ਜਿਥੇ 79.33 ਕਰੋੜ ਰੁਪਏ ਹੜ੍ਹ ਸੁਰੱਖਿਆ ਕੰਮਾਂ ‘ਤੇ ਖਰਚ ਕੀਤੇ ਜਾ ਰਹੇ ਹਨ ਉਥੇ ਹੜ੍ਹ ਦੇ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ 20 ਕਰੋੜ ਰੁਪਏ ਦੀ ਵਾਧੂ ਰਕਮ ਵੱਖ ਤੌਰ ‘ਤੇ ਰੱਖੀ ਗਈ ਹੈ। ਇਸੇ ਤਰ੍ਹਾਂ ਕੌਮਾਂਤਰੀ ਸਰਹੱਦੀ ਸੁਰੱਖਿਆ ਵਿਭਾਗ ਸੂਬਿਆਂ ਦੇ ਫੰਡਾਂ ਵਿਚੋਂ ਸਤਲੁਜ, ਬਿਆਸ ਤੇ ਰਾਵੀ ਨਦੀਆਂ ਨਾਲ ਲੱਗਦੇ ਬੀਓਪੀਜ਼ ਦੀ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਮੀਨੀ ਪੱਧਰ ‘ਤੇ ਫੰਡਾਂ ਦਾ ਪਾਰਦਰਸ਼ੀ ਤਰੀਕੇ ਨਾਲ ਸਹੀ ਇਸਤੇਮਾਲ ਕੀਤਾ ਜਾਵੇ ਤੇ ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਤ ਹੇਅਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਅਤਿ ਆਧੁਨਿਕ ਸਾਧਨਾਂ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਰੋਪੜ ਹੈਂਡ ਵਰਕਸ ਵਿਚ ਪਾਣੀ ਦੇ ਕੰਟਰੋਲ ਲਈ 7.94 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ਤੋਂ ਵਹਿੰਦੀ ਸਰਹਿੰਦ ਨਹਿਰ ਦੇ ਫਾਟਕਾਂ ਦਾ ਮੋਟਰਾਈਜੇਸ਼ਨ ਦਾ ਕੰਮ ਕੀਤਾ ਗਿਆ ਹੈ ਜਿਸ ਨਾਲ ਵਿਭਾਗੀ ਅਮਲੇ ਵੱਲੋਂ ਹੱਥ ਨਾਲ ਕੀਤਾ ਕੰਮ ਘਟੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨਹਿਰ ਜਾਂ ਦਰਿਆ ਦੇ ਫਾਟਕਾਂ ਨੂੰ ਆਟੋਮੈਟਿਕ ਕੀਤਾ ਗਿਆਹੈ ਤੇ ਇਸ ਤੋਂ ਇਲਾਵਾ ਪੁਲ ‘ਤੇ ਸਕਾਡਾ ਸਿਸਟਮ ਲਗਾਇਆ ਗਿਆ ਹੈ। ਇਸ ਨਾਲ ਨਹਿਰ ਵਿਚ ਛੱਡੇ ਗਏ ਪਾਣੀ ਦੀ ਸਹੀ ਮਾਤਰਾ ਨਾਪੀ ਜਾਵੇਗੀ ਕਿ ਨਹਿਰ ਦੇ ਪੁਲ ‘ਤੇ ਸਥਾਪਤ ਵੱਖ-ਵੱਖ ਫਾਟਕਾਂ ਤੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਉਦੇਸ਼ ਨਹਿਰਾਂ ਦੇ ਪਾਣੀ ਨੂੰ ਵਧ ਤੋਂ ਵੱਧ ਸੁਰੱਖਿਅਤ ਕਰਕੇ ਲੋੜ ਮੁਤਾਬਕ ਸਹੀ ਥਾਵਾਂ ‘ਤੇ ਸਿੰਚਾਈ ਲਈ ਪਹੁੰਚਾਉਣਾ ਹੈ। ਇਸੇ ਤਰ੍ਹਾਂ ਚੱਕ ਢੇਰਾ ਪਿੰਡ ਨੇੜੇ ਸਤਲੁਜ ਦਰਿਆ ‘ਤੇ 15.41 ਲੱਖ ਰੁਪਏ ਦੀ ਲਾਗਤ ਨਾਲ ਸਟੱਡ ਬਣਾਇਆ ਗਿਆ ਜਿਸ ਨਾਲ ਕਿਨਾਰੇ ਨਹੀਂ ਕਟਣਗੇ ਤੇ ਆਸ-ਪਾਸ ਦੇ ਰਿਹਾਇਸ਼ੀ ਖੇਤਰ ਤੇ ਖੇਤੀ ਜ਼ਮੀਨ ‘ਤੇ ਹੜ੍ਹ ਦਾ ਬਚਾਅ ਹੋਵੇਗਾ।
ਮੰਤਰੀ ਮੀਤ ਹੇਅਰ ਨੇ ਰੋਪੜ ਵਰਕਸ ਵਿਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੋਪੜ ਜ਼ਿਲ੍ਹੇ ਵਿਚ 2.29 ਕਰੋੜ ਰੁਪਏ ਦੀ ਲਾਗਤ ਨਾਲ ਹੜ੍ਹ ਸੁਰੱਖਿਆ ਦੇ ਕੰਮ ਕੀਤੇ ਜਾਣਗੇ। ਆਈ. ਆਈ. ਟੀ. ਰੋਪੜ ਨਾਲ ਲੱਗਦੇ ਖੇਤਰਾਂ ਵਿਚ ਹੜ੍ਹ ਸੁਰੱਖਿਆ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਦੁਬਾਰਾ ਹੜ੍ਹ ਦੇ ਮੌਕੇ ‘ਤੇ ਮੁਸ਼ਕਲਾਂ ਪੇਸ਼ ਨਾ ਆਉਣ। ਇਸੇ ਤਰ੍ਹਾਂ ਪਿੰਡ ਪਲਸਰੀ, ਜੀਂਦਵਾਲੀ ਤੇ ਪਿੰਡ ਆਸਰਾਪੁਰ ਵਿਚ ਹੜ੍ਹ ਰੋਕਥਾਮ ਦੇ ਕੰਮ ਕੀਤੇ ਜਾ ਰਹੇ ਹਨ। ਨੰਗਲ ਤੋਂ ਰੋਪੜ ਤੱਕ ਵੱਖ-ਵੱਖ ਡ੍ਰੋਨਾਂ ਤੇ ਚੋਆਂ ਦੀ ਸਫਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਧਾਰਮਿਕ ਤੇ ਇਤਿਹਾਸਕ ਮਹੱਤਤਾ ਰੱਖਦੇ ਚਰਨ ਗੰਗਾ ਚੋਅ ਦੀ ਸਮਰੱਥਾ ਨੂੰ ਬਹਾਲ ਕਰਨ ਤੇ ਧਾਰਮਿਕ ਸ਼ਰਧਾਲੂਾਂ ਦੀ ਆਵਾਜਾਈ ਲਈ ਪੈਦਲ ਯਾਤਰਾ ਬਣਾਉਣ ਦਾ ਪ੍ਰਸਤਾਵ ਹੈ। ਚੋਅ ਵਿਚ ਗੰਦਗੀ ਤੇ ਕੂੜਾ ਕਰਕਟ ਸੁੱਟਣ ਕਾਰਨ ਇਹ ਪਿਛਲੇ ਸਾਲ ਤੋਂ ਪੂਰੀ ਤਰ੍ਹਾਂ ਬੇਕਾਰ ਪਿਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਸੋਚ ਸਰੂਪ ਸੂਬੇ ਦੇ ਕਈ ਇਲਾਕਿਆਂ ਵਿਚ 40 ਸਾਲ ਦੇ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ। ਸੂਬਾ ਸਰਕਾਰ ਵੱਲੋਂ ਵਿਆਪਕ ਪੱਧਰ ‘ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਇਸੇ ਮਕਸਦ ਨਾਲ ਹੀ ਨਹਿਰਾਂ ਤੇ ਦਰਿਆਵਾਂ ‘ਤੇ ਫਾਟਕਾਂ ਨੂੰ ਆਟੋਮੈਟਿਕ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਿੰਚਾਈ ਲਈ ਭੂਮੀਗਤ ਪਾਈਪਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਜਲ ਸਰੋਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿਚ ਨਹਿਰਾਂ ‘ਤੇ ਵੱਖ-ਵੱਖ ਥਾਵਾਂ ‘ਤੇ ਆਟੋਮੈਟਿਕ ਫਾਟਕ ਸਥਾਪਤ ਕਰੇਗੀ ਜਿਥੇ ਪਾਣੀ ਨੂੰ ਰੋਕਿਆ ਜਾਵੇਗਾ ਜਿਸ ਨਾਲ ਲੋੜ ਪੈਣ ‘ਤੇ ਸਬੰਧਤ ਇਲਾਕਿਆਂ ਵਿਚ ਘੱਟ ਤੋਂ ਘੱਟ ਸਮੇਂ ਵਿਚ ਖੇਤਾਂ ਦੀ ਸਿੰਚਾਈ ਲਈ ਪਾਣੀ ਪਹੁੰਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਜੇਕਰ ਕਿਸੇ ਇਲਾਕੇ ਵਿਚ ਨਹਿਰ ਜਾਂ ਚੋਅ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਸਮੇਂ ਫਸਲਾਂ ਦੇ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਨਹਿਰਾਂ ਵਿਚ ਫਾਟਕ ਲੱਗਣ ਨਾਲ ਧਰਤੀ ਹੇਠਲੇ ਪਾਣੀ ਦੇ ਵਧਣ ਦੀ ਵੀ ਪੂਰੀ ਉਮੀਦ ਹੈ ਕਿਉਂਕਿ ਸੂਬੇ ਵਿਚ ਜਿਥੋਂ ਵੀ ਦਰਿਆ ਤੇ ਨਹਿਰਾਂ ਲੰਘਦੀਆਂ ਹਨ ਉਥੇ ਪਾਣੀ ਦਾ ਪੱਧਰ ਆਮ ਦੂਜੇ ਇਲਾਕਿਆਂ ਤੋਂ ਕਿਤੇ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -: