ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਦੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਸਬੰਧ ਵਿਚ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ।
ਇਸ ਕਮੇਟੀ ਵਿਚ ਦੋ ਨੁਮਾਇੰਦੇ ਜਥੇਬੰਦੀਆਂ ਵਿੱਚੋਂ, ਦੋ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਦੋ ਪੰਥਕ ਵਿਦਵਾਨਾਂ ਵਿੱਚੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਦ੍ਰਿਸ਼ ਦੇਖੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਦੇ ਕੈਮਰੇ ਖੰਗਾਲਣ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਕਾਰਜ ਕਰੇਗੀ। ਉਨ੍ਹਾਂ ਦੱਸਿਆ ਕਿ ਸੀਸੀਟੀ ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲ੍ਹਿਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਾ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਿਕਰਮਾ ‘ਚ ਦਾਖਲ ਹੋਣ ਲਈ ਆਇਆ, ਪਰ ਵਾਪਸ ਮੁੜ ਗਿਆ। ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਿਕਰਮਾ ਵਿਚ ਦਾਖ਼ਲ ਹੋਇਆ।
ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ। 10:37 ’ਤੇ ਹਰਿ ਕੀ ਪਓੜੀ ਦੇ ਉੱਪਰ ਗਿਆ ਅਤੇ 11:45 ਵਜੇ ਬਾਹਰ ਆਇਆ। ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬਕਤਰਾ ਆਦਿ ਸਮਝ ਕੇ ਟਾਸਕਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਿੱਖ ਪੰਥ ਨੇ ਉਸ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਅਤੇ ਸਰਕਾਰਾਂ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਰਕੇ ਦਿੱਤੀ ਹੈ। ਜੇਕਰ ਸਰਕਾਰਾਂ ਦੀ ਮਨਸ਼ਾ ਸਾਫ ਹੋਵੇ ਤਾਂ ਦੋਸ਼ੀ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋੜ ਵਿਖੇ ਵਾਪਰੀ ਘਟਨਾ ਵਿਚ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਣਬੁਝ ਕੇ ਉਥੋਂ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਮਨਮਰਜ਼ੀ ਦੀਆਂ ਕਾਰਵਾਈ ਤੋਂ ਬਾਜ਼ ਆਉਣ, ਨਹੀਂ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ।
ਇਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਇਕ ਵੱਖਰੀ ਬੈਠਕ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿਚ ਵਿਚਾਰ ਵਿਟਾਂਦਰਾ ਕੀਤਾ। ਇਸ ਮੌਕੇ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ। ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਕੰਗ, ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਸ. ਜੋਧ ਸਿੰਘ ਸਮਰਾ, ਬਾਬਾ ਗੁਰਪ੍ਰੀਤ ਸਿੰਘ ਮੌਜੂਦ ਸਨ।