ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੂਰੀਆਂ ਸੈਣੀਆਂ ਵਿਚ ਇਕ ਕਿਸਾਨ ਦੇ ਕਤਲ ਹੋਣ ਦੀ ਸਨਸਨੀਖੇਜ਼ ਖਬਰ ਮਿਲੀ ਹੈ।ਕਹੀ ਦੇ ਕਈ ਵਾਰ ਕਰਕੇ ਇਹ ਕਤਲ ਕੀਤਾ ਗਿਆ ਹੈ।ਸੂਚਨਾ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਕੇਸ ਦਰਜ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਉਮਰ ਕਰੀਬ 55 ਸਾਲ ਜੋ ਕਿ ਆਪਣੀ ਪਤਨੀ ਕੁਲਵੰਤ ਕੌਰ ਸਮੇਤ ਆਪਣੇ ਪਿੰਡ ਭੂਰੀਆਂ ਸੈਣੀਆਂ ਵਿੱਚ ਰਹਿੰਦਾ ਸੀ। ਮੰਗਲਵਾਰ ਨੂੰ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਕੋਲ ਲੁਧਿਆਣਾ ਗਈ ਹੋਈ ਸੀ।ਮ੍ਰਿਤਕ ਦੇ ਭਰਾ ਤਰਸੇਮ ਸਿੰਘ ਅਤੇ ਇਲਾਕੇ ਦੇ ਅਕਾਲੀ ਨੇਤਾ ਕਵਕਪ੍ਰੀਤ ਕਾਕੀ ਨੇ ਦੱਸਿਆ ਕਿ ਮਗਰੋਂ ਪਰਮਜੀਤ ਸਿੰਘ ਬੁੱਧਵਾਰ ਦੁਪਹਿਰ ਤਕ ਘਰੋਂ ਬਾਹਰ ਨਾ ਨਿਕਲਿਆ ਤਾਂ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਜਦੋਂ ਕੁਝ ਪਿੰਡ ਵਾਸੀਆਂ ਦੀ ਮਦਦ ਨਾਲ ਘਰ ਅੰਦਰ ਜਾ ਕੇ ਦੇਖਿਆ ਤਾਂ ਪਰਮਜੀਤ ਸਿੰਘ ਦੀ ਖੂਨ ਚ ਲੱਥਪਥ ਲਾਸ਼ ਘਰ ਦੀ ਪਹਿਲੀ ਮੰਜ਼ਿਲ ਉੱਪਰ ਬਣੇ ਕਮਰੇ ਵਿਚ ਪਈ ਹੋਈ ਸੀ ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਇਸ ਕਤਲ ਦੀ ਸੂਚਨਾ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਦਿੱਤੀ। ਇਸ ਦੌਰਾਨ ਥਾਣਾ ਕਾਹਨੂੰਵਾਨ ਥਾਣੇ ਦੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੀ।ਉਹਨਾਂ ਵੱਲੋਂ ਇਸ ਵਾਰਦਾਤ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਮੌਕੇ ਵੇਖਿਆ ਗਿਆ ਕਿ ਪਰਮਜੀਤ ਸਿੰਘ ਨੂੰ ਕਹੀ ਦੇ ਪੁੱਠੇ ਪਾਸਿਓਂ ਕਈ ਵਾਰ ਕਰਕੇ ਬੇਰਹਿਮੀ ਨਾਲ ਉਸ ਦਾ ਸਿਰ ਕੁਚਲ ਦਿੱਤਾ ਗਿਆ ਸੀ। ਉਸ ਦੇ ਪੂਰੇ ਸ਼ਰੀਰ ਤੇ ਵਾਰ ਕੀਤੇ ਗਏ ਸਨ ਅਤੇ ਪੂਰੇ ਦਾ ਪੂਰਾ ਸਰੀਰ ਖ਼ੂਨ ਨਾਲ ਲੱਥਪਥ ਪਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਮੌਕੇ ਗੱਲਬਾਤ ਕਰਦੇ ਹੋਏ ਸੀ ਆਈ ਏ ਸਟਾਫ ਗੁਰਦਾਸਪੁਰ ਦੇ ਮੁਖੀ ਇੰਸਪੈਕਟਰ ਕਪਿਲ ਕੌਸ਼ਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਇਸ ਕਤਲ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਸਥਲ ਦੇ ਆਲੇ ਦੁਆਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਇੰਝ ਲਗਦਾ ਹੈ ਕਿ ਕਿਸੇ ਨੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਪੁਲਿਸ ਵਲੋਂ ਆਪਣੀ ਤਫਤੀਸ਼ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।