ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵਿਚ ‘ਆਪ’ ਸੁਪਰੀਮੋ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਕੇਜਰੀਵਾਲ ਕਾਂਗੜਾ ਪੁੱਜੇ ਜਿਥੇ ਵੱਡੀ ਗਿਣਤੀ ਵਿਚ ਲੋਕਾਂ ਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਕੇਜਰੀਵਾਲ ਕਾਂਗੜਾ ਦੇ ਗੱਗਲ ਹਵਾਈ ਅੱਡੇ ‘ਤੇ ਪੁੱਜੇ ਅਤੇ ਇੱਥੇ ਹਿਮਾਚਲ ਪੁਲਿਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਕੇਜਰੀਵਾਲ ਨੇ ਸੰਬੋਧਨ ਦੀ ਸ਼ੁਰੂਆਤ ਵਿਚ ਭਾਰਤ ਮਾਤਾ ਦਾ ਨਾਅਰਾ ਲਗਾਇਆ। ਨਾਲ ਹੀ ਹਿਮਾਚਲ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੀ ਖੂਬਸੂਰਤੀ ਦੀ ਤਾਰੀਫ ਕੀਤੀ। ਭਾਜਪਾ ਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਭਗਵਾਨ ਨੇ ਹਿਮਾਚਲ ਨੂੰ ਖੂਬਸੂਰਤ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਕਾਂਗਰਸ ਤੇ ਭਾਜਪਾ ਨੇ ਇਸ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ। 30 ਸਾਲ ਤੱਕ ਕਾਂਗਰਸ ਤੇ 17 ਸਾਲ ਤੱਕ ਭਾਜਪਾ ਨੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਜਿੰਨੀਆਂ ਵੀ ਸਮੱਸਿਆਵਾਂ ਹਨ ਉਨ੍ਹਾਂ ਪਿੱਛੇ ਭਾਜਪਾ ਤੇ ਕਾਂਗਰਸ ਹੈ। ਦੋਵਾਂ ਪਾਰਟੀਆਂ ਨੇ ਹਿਮਾਚਲ ਨੂੰ ਲੁੱਟਿਆ, ਪਰ ਮੇਰਾ ਕੀ ਕਸੂਰ ਹੈ।
ਜੈਰਾਮ ‘ਤੇ ਨਿਸ਼ਾਨਾ ਸਾਧਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਐਲਾਨ ਕੀਤਾ ਕਿ 125 ਯੂਨਿਟ ਬਿਜਲੀ ਫ੍ਰੀ ਕਰਨਗੇ। ਮੱਧਪ੍ਰਦੇਸ਼, ਗੁਜਰਾਤ, ਹਰਿਆਣਾ ‘ਚ ਵੀ ਕਰੋ, ਉਥੇ ਵੀ ਭਾਜਪਾ ਦੀ ਸਰਕਾਰ ਹੈ ਪਰ ਜੈਰਾਮ ਜੀ ਨੂੰ PM ਮੋਦੀ ਤੇ ਸ਼ਾਹ ਦਾ ਫੋਨ ਆਇਆ। ਖਬਰਦਾਰ ਅਜਿਹਾ ਐਲਾਨ ਕੀਤਾ। ਜੈਰਾਮ ਠਾਕੁਰ ਨੇ ਕੇਜਰੀਵਾਲ ਦੇ ਪੇਪਰ ‘ਚੋਂ ਨਕਲ ਮਾਰੀ। ਪਰ ਨਕਲ ਕਰਨ ਲਈ ਵੀ ਅਕਲ ਚਾਹੀਦਾ ਹੈ। ਇਹ ਆਪਣੀ ਅਕਲ ਦਾ ਇਸਤੇਮਾਲ ਨਹੀਂ ਕਰਦੇ। ਹਿਮਾਚਲ ਵਿਚ ਲੋਕ ਸਿੱਧੇ-ਸਾਧੇ ਤੇ ਈਮਾਨਦਾਰ ਹਨ ਤੇ ਨੇਤਾ ਖਰਾਬ ਹਨ।
ਉਨ੍ਹਾਂ ਹਿਮਾਚਲ ਦੇ ਲੋਕਾਂ ਨੂੰ ਪੁੱਛਿਆ ਕਿ ਤੁਹਾਨੂੰ ਈਮਾਨਦਾਰ ਸਰਕਾਰ ਨਹੀਂ ਚਾਹੀਦੀ। ਨਾਲ ਹੀ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ਦੇ ਈਮਾਨਦਾਰ ਨੇਤਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਹਿਮਾਚਲ ਨੂੰ ਕੁਰੱਪਸ਼ਨ ਮੁਕਤ ਬਣਾਉਣਾ ਹੈ ਤਾਂ ਮੇਰੇ ਨਾਲ ਆ ਜਾਓ, ਮਿਲ ਕੇ ਸੂਬੇ ਨੂੰ ਵਿਕਾਸ ਦੀ ਰਾਹ ‘ਤੇ ਲੈ ਜਾਵਾਂਗੇ। ‘ਆਪ’ ਪਾਰਟੀ ਈਮਾਨਦਾਰ ਪਾਰਟੀ ਹੈ ਤਾਂ ਇਸ ਲਈ ਮੈਨੂੰ 5 ਸਾਲ ਦੇ ਦਿਓ। ਪਹਿਲੀ ਵਾਰ ਮੈਂ ਵੋਟ ਮੰਗਾਂਗਾ। ਦੂਜੀ ਵਾਰ ਮੇਰੇ ਕੰਮ ਨੂੰ ਵੋਟ ਦੇਣਾ। ਦੱਸ ਦੇਈਏ ਕਿ 20 ਦਿਨਾਂ ਵਿਚ ਦੂਜੀ ਵਾਰ ਕੇਜਰੀਵਾਲ ਹਿਮਾਚਲ ਆਏ ਹਨ। ਇਸ ਤੋਂ ਪਹਿਲਾਂ ਉਹ 6 ਅਪ੍ਰੈਲ ਨੂੰ ਮੰਡੀ ਆਏ ਸਨ।
ਵੀਡੀਓ ਲਈ ਕਲਿੱਕ ਕਰੋ -: