ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ਦੇ ਬਾਅਦ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਫੋਟੋਆਂ ਖਿਲਾਫ ਪੰਜਾਬ ਪੁਲਿਸ ਲਗਾਤਾਰ ਮਾਮਲੇ ਦਰਜ ਕਰ ਰਹੀ ਹੈ ਪਰ ਕੁਝ ਲੋਕ ਆਪਣੀ ਰੰਜ਼ਿਸ਼ ਕੱਢਣ ਲਈ ਮੁੱਖ ਮੰਤਰੀ ਦੇ ਇਸ ਐਲਾਨ ਦਾ ਗਲਤ ਇਸਤੇਮਾਲ ਕਰ ਰਹੇ ਹਨ। ਪੁਲਿਸ ਨੇ ਅਜਿਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀਐੱਸਪੀ ਐੱਮਐੱਮ ਔਲਖ ਨੇ ਜਾਣਕਾਰੀ ਦਿੱਤੀ ਕਿ ਕੁਝ ਮਾਮਲਿਆਂ ਵਿਚ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਦਾ ਗਲਤ ਇਸਤੇਮਾਲ ਕਰ ਰਹੇ ਹਨ। ਲੋਕ ਰੰਜਿਸ਼ ਕੱਢਣ ਲਈ ਦੂਜਿਆਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਰ ਰਹੇ ਹਨ। ਇੰਨਾ ਹੀ ਨਹੀਂ ਕੁਝ ਤਾਂ ਨਵੇਂ-ਨਵੇਂ ਅਕਾਊਂਟ ਬਣਾ ਕੇ ਪੁਰਾਣੀਆਂ ਤਸਵੀਰਾਂ ਨੂੰ ਹੀ ਸ਼ੇਅਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ। ਪੁਲਿਸ ਅਜਿਹੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਸਿਰਫ਼ ਉਨ੍ਹਾਂ ਲੋਕਾਂ ‘ਤੇ ਹੀ ਮਾਮਲਾ ਦਰਜ ਕੀਤਾ ਜਾਵੇਗਾ ਜੋ ਬਿਨਾਂ ਵਜ੍ਹਾ ਦੂਜਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰਨਗੇ। ਡੀਐਸਪੀ ਔਲਖ ਨੇ ਦੱਸਿਆ ਕਿ ਗਲਤੀ ਨਾਲ 10 ਸਾਲ ਦੇ ਬੱਚੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਵੀ ਦੱਸਿਆ ਕਿ ਉਸ ਦੀ ਤਸਵੀਰ 7 ਸਾਲ ਪਹਿਲਾਂ 2015 ‘ਚ ਕਲਿੱਕ ਕੀਤੀ ਗਈ ਸੀ। ਉਦੋਂ ਬੱਚਾ 4 ਸਾਲ ਦਾ ਸੀ ਤੇ ਅੱਜ ਬੱਚਾ 10 ਸਾਲ ਦਾ ਹੈ। ਅਜਿਹੇ ‘ਚ ਮਾਮਲੇ ਦੀ ਜਾਂਚ ਦੁਬਾਰਾ ਕੀਤੀ ਜਾਵੇਗੀ। ਜੇਕਰ ਮਾਮਲੇ ਵਿੱਚ ਸਭ ਕੁਝ ਸਹੀ ਪਾਇਆ ਗਿਆ ਤਾਂ ਐਫਆਈਆਰ ਰੱਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਹਰਕਤ ‘ਚ ਪੰਜਾਬ ਪੁਲਿਸ, ਸੋਸ਼ਲ ਮੀਡੀਆ ‘ਤੇ ਹਥਿਆਰਾਂ ਸਣੇ ਫੋਟੋ ਲਗਾਉਣ ‘ਤੇ ਸਰਪੰਚ ਸਣੇ 2 ‘ਤੇ ਕੇਸ ਦਰਜ
ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਸਮੇਤ ਫੋਟੋਆਂ ਦੀ ਫਿਲਹਾਲ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਦੇ ਆਧਾਰ ’ਤੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕਿਸੇ ਦੇ ਅਕਾਊਂਟ ‘ਚ ਹਥਿਆਰਾਂ ਸਮੇਤ ਤਸਵੀਰਾਂ ਹਨ, ਤਾਂ ਸਮਾਂ ਹੋਣ ‘ਤੇ ਉਨ੍ਹਾਂ ਨੂੰ ਡਿਲੀਟ ਕਰ ਦਿਓ। ਨਹੀਂ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।
ਡੀਐਸਪੀ ਔਲਖ ਨੇ ਇਸ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਹਥਿਆਰਾਂ ਸਮੇਤ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਪੁਲਿਸ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰੇਗੀ ਜਿਸ ਨੇ ਫੋਟੋ ਦੀ ਗਲਤ ਵਰਤੋਂ ਕੀਤੀ ਅਤੇ ਇਸਨੂੰ ਵਾਇਰਲ ਕੀਤਾ।
ਵੀਡੀਓ ਲਈ ਕਲਿੱਕ ਕਰੋ -: