ਪੰਜਾਬ ਵਿੱਚ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਲੋਕ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜਦੇ ਹਨ ਪਰ ਔਰਤ ਵਿਦੇਸ਼ ਜਾ ਕੇ ਸਾਰੇ ਰਿਸ਼ਤੇ ਤੋੜ ਦਿੰਦੀ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਲੱਖਾਂ ਰੁਪਏ ਖਰਚ ਕੇ ਨੂੰਹ ਨੂੰ ਵਿਦੇਸ਼ ਭੇਜ ਦਿੱਤਾ ਪਰ ਉਥੇ ਜਾ ਕੇ ਉਸ ਨੇ ਆਪਣੇ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੂੰ ਉਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਥਾਣਾ ਬਨੂੜ ਦੀ ਪੁਲਿਸ ਨੇ ਸਹੁਰੇ ਦੀ ਸ਼ਿਕਾਇਤ ਦੇ ਆਧਾਰ ’ਤੇ ਨੂੰਹ, ਉਸ ਦੇ ਮਾਤਾ-ਪਿਤਾ ਅਤੇ ਭਰਾ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਦਿਲਬਾਗ ਸਿੰਘ ਵਾਸੀ ਗੱਜੂ ਖੇੜਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਵਿਆਹ 14 ਅਪ੍ਰੈਲ 2018 ਨੂੰ ਰਮਨੀਤ ਕੌਰ (22) ਵਾਸੀ ਕਿਸ਼ਨਪੁਰਾ ਬੱਸੀ ਪਠਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਹੋਇਆ ਸੀ। ਦੋਵਾਂ ਧਿਰਾਂ ਵਿੱਚ ਫੈਸਲਾ ਹੋਇਆ ਕਿ ਵਿਆਹ ਤੋਂ ਬਾਅਦ ਰਮਨੀਤ ਕੌਰ ਨੂੰ ਵਿਦੇਸ਼ ਭੇਜਿਆ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਲੜਕੇ ਦੇ ਪਰਿਵਾਰ ਵੱਲੋਂ ਚੁੱਕਿਆ ਜਾਵੇਗਾ। 26 ਲੱਖ ਰੁਪਏ ਖਰਚ ਕੇ ਸਹੁਰੇ ਪਰਿਵਾਰ ਨੇ 18 ਅਗਸਤ 2018 ਨੂੰ ਰਮਨੀਤ ਕੌਰ ਨੂੰ ਆਸਟ੍ਰੇਲੀਆ ਭੇਜ ਦਿੱਤਾ। ਬਾਅਦ ਵਿੱਚ ਰਮਨੀਤ ਕੌਰ ਨੇ ਉੱਥੇ ਜਾ ਕੇ ਆਪਣੇ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਉਸ ਨੇ ਆਪਣੇ ਪਤੀ ਗੁਰਦੀਪ ਸਿੰਘ ਨੂੰ ਉੱਥੇ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਕਾਲਾ ਬਕਰਾ ਨੇੜੇ ਆਵਾਰਾ ਪਸ਼ੂ ਨਾਲ ਟਕਰਾਈ ਕਾਰ, 16 ਸਾਲਾ ਨੌਜਵਾਨ ਦੀ ਹੋਈ ਮੌਤ
ਦਿਲਬਾਗ ਸਿੰਘ ਨੇ ਦੋਸ਼ ਲਾਇਆ ਕਿ ਉਥੇ ਜਾ ਕੇ ਰਮਨੀਤ ਕੌਰ ਨੇ ਕਿਹਾ ਕਿ ਉਹ ਗੁਰਦੀਪ ਸਿੰਘ ਨੂੰ ਪਸੰਦ ਨਹੀਂ ਕਰਦੀ ਅਤੇ ਨਾ ਹੀ ਉਸ ਨਾਲ ਰਹਿਣਾ ਚਾਹੁੰਦੀ ਹੈ। ਇਸ ਤਰ੍ਹਾਂ ਰਮਨੀਤ ਕੌਰ, ਉਸ ਦੇ ਪਿਤਾ ਅਵਤਾਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਗਗਨਪ੍ਰੀਤ ਸਿੰਘ ਨੇ ਇਕ ਸਾਜ਼ਿਸ਼ ਤਹਿਤ ਲੜਕੇ ਦੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਤੋਂ ਬਾਅਦ ਰਮਨੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਵੀਡੀਓ ਲਈ ਕਲਿੱਕ ਕਰੋ -: