ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਨੂੰ ਬੇਅਦਬੀ ਕੇਸਾਂ ਵਿਚ ਫਸਾਉਣ ਅਤੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰ ਕੇ ਸਿਆਸੀ ਬਦਲਾਖੋਰੀ ਕਰ ਰਹੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸ਼ਾਂਤੀ ਤੇ ਫਿਰਕੂ ਸਦਭਾਵਨਾ ਚਾਹੁੰਦਾ ਹੈ। ਬਜਾਏ ਇਸਦੇ ਅਤੇ ਬੇਅਦਬੀ ਦੀਆਂ ਘਟੀਆਂ ਕਾਰਵਾਈਆਂ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੂੰ ਬੇਨਕਾਰਬ ਕਰਨ ਦੇ ਕਾਂਗਰਸ ਸਰਕਾਰ ਸ. ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਚਾਲ ਚੱਲੀ ਅਤੇ ਕਾਨੂੰਨ ਤੇ ਨਿਆਂ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ‘ਥਾਣੇਦਾਰ’ ਅਤੇ ‘ਜੱਜ’ ਬਣ ਕੇ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਨਿਖੇਧੀ ਕਰਦੇ ਹਾਂ ਅਤੇ ਪਾਰਟੀ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਨੂੰ ਸਿਆਸੀ ਤੇ ਕਾਨੂੰਨੀ ਤੌਰ ’ਤੇ ਬੇਨਕਾਬ ਕਰੇਗੀ।
ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮਜੀਠੀਆ ਦੇ ਖਿਲਾਫ ਕੇਸ ਨਮੋਸ਼ੀ ਵਿਚ ਇਸ ਕਰ ਕੇ ਦਰਜ ਕੀਤਾ ਗਿਆ ਕਿਉਂਕਿ ਸਰਕਾਰ ਬੇਅਦਬੀ ਮਾਮਲਿਆਂ ਵਿਚ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਫਸਾਉਣ ਵਿਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਕੇਸ ਵਿਚ ਐਫ ਆਈ ਆਰ ਨੇ ਹੋਰ ਕਿਸੇ ਨਾਲੋਂ ਕਾਂਗਰਸ ਸਰਕਾਰ ਨੁੰ ਜ਼ਿਆਦਾ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਫ ਆਈ ਆਰ ਉਸ ਘਟਨਾ ਦੇ ਸੰਬੰਧ ਵਿਚ ਦਰਜ ਕੀਤੀ ਗਈ ਹੈ ਜੋ 2004 ਵਿਚ ਵਾਪਰੀ ਜਦੋਂ ਸੂਬੇ ਵਿਚ ਕਾਂਗਰਸ ਸੱਤਾ ਵਿਚ ਸੀ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਐਸ ਟੀ ਐਫ ਰਿਪੋਰਟ ਨੂੰ ਐਫ ਆਈ ਆਰ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਦੱਸੇ ਕਿ ਜਿਹੜੀ ਰਿਪੋਰਟ ਹਾਈ ਕੋਰਟ ਵਿਚ ਸੀਲਬੰਦ ਪਈ ਹੈ, ਉਹ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਾ ਹਿੱਸਾ ਕਿਵੇਂ ਬਣੀ। ਉਨ੍ਹਾਂ ਨੇ ਰਾਜ ਸਰਕਾਰ ਨੂੰ ਆਖਿਆ ਕਿ ਉਹ ਐਸ ਟੀ ਐਫ ਦੀ ਰਿਪੋਰਟ ਤੋਂ ਬਾਅਦ ਆਈ ਐਡੀਸ਼ਨਲ ਚੀਫ ਸੈਕਟਰੀ ਤੇ ਸੂਬੇ ਦੇ ਡੀ ਜੀ ਪੀ ਦੀ ਸ਼ਮੂਲੀਅਤ ਵਾਲੀ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਵੀ ਜਨਤਕ ਕਰਨ ਜੋ ਹਾਈ ਕੋਰਟ ਵਿਚ ਸੀਲਬੰਦ ਲਿਫਾਫੇ ਵਿਚ ਪਈ ਹੈ।
ਗਰੇਵਾਲ ਨੇ ਮਜੀਠੀਆ ਖਿਲਾਫ ਕੇਸ ਦਰਜ ਕਰਨ ਲਈ ਅਪਣਾਏ ਤਰੀਕੇ ਨੂੰ ਵੀ ਬੇਨਕਾਬ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਡੀ ਜੀ ਪੀ ਨੇ ਪਟਿਆਲਾ ਦੇ ਐਸ ਐਸ ਪੀ ਨੂੰ ਸ਼ਿਕਾਇਤ ਮਾਰਕ ਕੀਤੀ ਜਿਨ੍ਹਾਂ ਨੇ ਛੁੱਟੀ ਜਾਣ ਤੋਂ ਪਹਿਲਾਂ ਆਪਣੇ ਤਿੰਨ ਸਫਿਆਂ ਦੇ ਨੋਟ ਵਿਚ ਲਿਖਿਆ ਕਿ ਮਜੀਠੀਆ ਦੇ ਖਿਲਾਫ ਕਿਉਂ ਨਹੀਂ ਦਰਜ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮਗਰੋਂ ਰਾਜਪੁਰਾ ਵਿਚ ਕੇਸ ਦਰਜ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਵੀ ਫੇਲ੍ਹ ਹੋ ਗਿਆ। ਫਿਰ ਨਵੇਂ ਡੀ ਜੀ ਪੀ ਸ੍ਰੀ ਚਟੋਪਾਧਿਆਏ ਨੇ ਸੂਬੇ ਦੀ ਕ੍ਰਾਈਮ ਬ੍ਰਾਂਚ ਵਿਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਜੋ ਕਿ ਗੈਰ ਸਾਧਾਰਣ ਕਦਮ ਹੈ ਕਿਉਂਕਿ ਪੁਲਿਸ ਜਾਂਚ ਵਿਚ ਅਜਿਹਾ ਕਦੇ ਨਹੀਂ ਕੀਤਾ ਜਾਂਦਾ।
ਗਰੇਵਾਲ ਨੇ ਐਫ ਆਈ ਆਰ ਵਿਚ ਦਿੱਤੇ ਵੇਰਵੇ ਰੱਦ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜਗਦੀਸ਼ ਭੋਲਾ ਵਾਲੇ ਕੇਸ ਦੀ ਪਹਿਲਾਂ ਹੀ ਸੁਣਵਾਈ ਹੋ ਚੁੱਕੀ ਹੈ ਤੇ ਤਿੰਨ ਸਾਲ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਕੇਸ ਵਿਚ ਅਦਾਲਤਾਂ ਪਹਿਲਾਂ ਹੀ ਫੈਸਲਾ ਸੁਣਾ ਚੁੱਕੀਆਂ ਹੋਣ, ਉਸ ਵਿਚ ਦੁਬਾਰਾ ਜਾਂਚ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਸੁਣਵਾਈ ਕਰਨ ਵਾਲੀ ਅਦਾਲਤ ਤੋਂ ਉਪਰਲੀ ਅਦਾਲਤ ਕੇਸ ਮੁੜ ਖੋਲ੍ਹੱਣ ਦਾ ਹੁਕਮ ਨਾ ਦੇਵੇ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਬਦਲਾਖੋਰੀ ਦਾ ਕਦੇ ਨਤੀਜਾ ਨਹੀਂ ਨਿਕਲਦਾ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਦਬਾਅ ਹੇਠ ਹਨ, ਪਰ ਉਨ੍ਹਾਂ ਨੂੰ ਇਸ ਗੈਰ ਕਾਨੂੰਨੀ ਕੰਮ ਦਾ ਜਵਾਬ ਦੇਣਾ ਪਵੇਗਾ। ਉਨ੍ਹਾੰ ਕਿਹਾ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਨਿਸ਼ਾਨਾ ਬਣਾਇਆ ਸੀ। ਹੁਣ ਵੀ ਉਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਪਾਰਟੀ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਇਸਨੇ ਸ੍ਰੀ ਦਰਬਾਰ ਸਾਹਿਬ ਵਿਚ ਗੁਟਾਕਾ ਸਾਹਿਬ ਦੀ ਹੋਈ ਬੇਅਦਬੀ ਦੀ ਜਾਂਚ ਨਹੀਂ ਕੀਤੀ ਹਾਲਾਂਕਿ ਦੋਸ਼ੀ ਫੜਿਆ ਗਿਆ ਸੀ ਤੇ ਪੁਲਿਸ ਹਵਾਲੇ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਮੌਕੇ ਡਾ. ਚੀਮਾ ਨੇ ਦੱਸਿਆ ਕਿ ਕਿਵੇਂ ਸ੍ਰੀ ਐਸ ਚਟੋਪਾਧਿਆਏ ਨੁੰ ਸਿਰਫ ਚਾਰ ਦਿਨ ਵਾਸਤੇ ਡੀ ਜੀ ਪੀ ਬਣਾਇਆ ਗਿਆ ਤਾਂ ਜੋ ਮਜੀਠੀਆ ਖਿਲਾਫ ਬਦਲਾਖੋਰੀ ਦਾ ਕੇਸ ਦਰਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਸ੍ਰੀ ਚਟੋਪਾਧਿਆਏ ਰੈਗੂਲਰ ਡੀ ਜੀ ਪੀ ਦੀ ਨਿਯੁਕਤੀ ਲਈ ਬਣਾਏ ਗਏ ਪੈਨਲ ਵਿਚ ਸ਼ਾਮਲ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਡੀ ਜੀ ਪੀ ਲਗਾ ਕੇ ਇਹ ਐਫ ਆਈ ਆਰ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੁਲਿਸ ਅਫਸਰਾਂ ਨੂੰ ਵਾਰੀ ਤੋਂ ਬਗੈਰ ਤਰੱਕੀਆਂ ਦਿੱਤੀਆਂ ਗਈਆਂ ਤੇ ਪੈਸੇ ਵੀ ਦਿੱਤੇ ਗਏ ਕਿ ਸਰਦਾਰ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਇਮਾਨਦਾਰ ਅਫਸਰਾਂ ਨੇ ਇਸ ਅਪਰਾਧ ਦਾ ਹਿੱਸਾ ਬਣਲ ਤੋਂ ਨਾਂਹ ਕਰ ਦਿੱਤੀ।
ਡਾ. ਚੀਮਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਰੈਗੂਲਰ ਡੀ ਜੀ ਪੀ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੀ ਇਸ ਸਿਆਸੀ ਬਦਲਾਖੋਰੀ ਦੇ ਨਵੇਂ ਕੇਸ ਬਾਰੇ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਵੇਗਾ ਅਤੇ ਇਸ ਮਾਮਲੇ ਵਿਚ ਦਖਲ ਦੇ ਕੇ ਦਰੁੱਸਤੀ ਦੀ ਬੇਨਤੀ ਕਰੇਗਾ।