ਗੁਰਦਾਸਪੁਰ ਦੇ ਬਟਾਲਾ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਹੋਟਲ ਵਿਚ ਅਕਾਲੀ ਨੇਤਾ ਦੀ ਉਸੇ ਦੇ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 24 ਘੰਟੇ ਵਿਚ ਹੀ ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ। ਜਿਸ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ, ਉਸ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸਤ ਨੂੰ ਕਾਬੂ ਕਰ ਲਿਆ ਹੈ ਪਰ ਹੋਟਲ ਮਾਲਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਬਟਾਲਾ ਅਧੀਨ ਆਉਂਦੇ ਪਿੰਡ ਸ਼ੇਖੋਪੁਰ ਵਿਚ ਬਣੇ ਹੋਟਲ ਦੀ ਹੈ। ਮਰਨ ਵਾਲੇ ਦੀ ਪਛਾਣ ਅਕਾਲੀ ਨੇਤਾ ਅਜੀਤ ਪਾਲ ਸਿੰਘ (50) ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਸਪੱਸ਼ਟ ਹੋਇਆ ਕਿ ਮ੍ਰਿਤਕ ਅਜੀਤਪਾਲ ਤੇ ਕਾਤਲ ਦੋਸਤ ਅੰਮ੍ਰਿਤਪਾਲ ਦੋਵੇਂ ਹੋਟਲ ਵਿਚ ਖਾ-ਪੀ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੀ ਅੰਮ੍ਰਿਤਪਾਲ ਦੇ ਸ਼ਰੀਕੇ ਵਿਚ ਦੋਸਤੀ ਨੂੰ ਲੈ ਕੇ ਅਜੀਤਪਾਲ ਨਾਲ ਕਿਹਾਸੁਣੀ ਹੋ ਗਈ।
ਗੁੱਸੇ ਵਿਚ ਅੰਮ੍ਰਿਤਪਾਲ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅਜੀਤਪਾਲ ਨੂੰ ਗੋਲੀ ਮਾਰ ਦਿੱਤੀ ਤੇ ਖੁਦ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਲੈ ਗਿਆ ਜਿਥੇ ਅਜੀਤਪਾਲ ਨੇ ਦਮ ਤੋੜ ਦਿੱਤਾ।
ਅੰਮ੍ਰਿਤਪਾਲ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਝੂਠੀ ਕਹਾਣੀ ਸੁਣਾਈ ਜਿਸ ਵਿਚ ਉਸ ਨੇ ਅਣਪਛਾਤੇ ਵਾਹਨ ਵਿਚ ਆਏ ਲੋਕਾਂ ਵੱਲੋਂ ਉਨ੍ਹਾਂ ‘ਤੇ ਫਾਇਰਿੰਗ ਕਰਨ ਦੀ ਕਹਾਣੀ ਦੱਸੀ ਪਰ ਜਾਂਚ ਦੇ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਪਾਲ ਤੋਂ ਲਾਇਸੈਂਸੀ ਰਿਵਾਲਵਰ ਤੇ ਗੱਡੀ ਵੀ ਜ਼ਬਤ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਲੁਧਿਆਣਾ ‘ਚ ਤਲਾਸ਼ੀ ਮੁਹਿੰਮ ਜਾਰੀ, 7 ਮੋਬਾਈਲ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ
ਸਬੂਤਾਂ ਨੂੰ ਖੁਰਦ-ਬੁਰਦ ਕਰਨ ਵਿਚ ਮਦਦ ਕਰਨ ਵਾਲੇ ਹੋਟਲ ਮਾਲਕ ਗੁਰਮੁਖ ਸਿੰਘ ਫਰਾਰ ਹੋ ਗਿਆ ਹੈ। ਪੁਲਿਸ ਗੁਰਮੁਖ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦੋਸ਼ ਹੈ ਕਿ ਮਾਮਲੇ ਨੂੰ ਦਬਾਉਣ ਤੇ ਸਬੂਤ ਮਿਟਾਉਣ ਵਿਚ ਗੁਰਮੁਖ ਨੇ ਸਹਿਯੋਗ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: