ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਕਤਲ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਜਾਰੀ ਹੈ। ਇਸੇ ਜਾਂਚ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੇ 4 ਸ਼ੂਟਰਾਂ ਨੂੰ ਲਿਜਾਣ ਵਾਲੇ ਕਾਰ ਚਾਲਕ ਗੁਰਮੇਜ ਸਿੰਘ ਸਣੇ 3 ਮੁਲਜ਼ਮਾਂ ਨੂੰ ਕੀਤਾ ਕਾਬੂ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਗੁਰਮੇਜ ਨੇ ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਛੱਡਿਆ ਸੀ ।
ਗੁਰਮੇਜ ਨੇ ਸਾਰੇ ਸ਼ੂਟਰਾਂ ਨੂੰ ਪਨਾਹ ਤੇ ਮਾਲੀ ਸਹਾਇਤਾ ਦਿੱਤੀ ਸੀ। ਮੁਲਜ਼ਮਾਂ ਕੋਲੋਂ ਸਵਿਫਟ ਡਿਜ਼ਾਇਰ ਕਾਰ ਤੇ ਅਪਰਾਧ ਵਿਚ ਵਰਤੀ ਗਈ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਨੂੰ 24 ਮਈ ਨੂੰ 4 ਹਥਿਆਰਬੰਦ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਆਈਜੀ ਏਜੀਟੀਐੱਫ ਸੰਦੀਪ ਗੋਇਲ ਦੀ ਅਗਵਾਈ ‘ਚ ਏਜੀਟੀਐੱਫ ਦੀ ਟੀਮ ਵੱਲੋਂ ਗੁਰਵੀਰ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਬੰਬੀਹਾ ਗੈਂਗ ਦਾ ਇਕ ਸ਼ੂਟਰ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਗੁਰਵੀਰ ਨੇ ਮਨਪ੍ਰੀਤ ਸਿੰਘ ਉਰਫ ਮੁੰਨ ਜੋ ਮੌਜੂਦਾ ਸਮੇਂ ਪੁਰਤਗਾਲ ‘ਚ ਰਹਿ ਰਿਹਾ ਹੈ ਅਤੇ ਬਲਵਿੰਦਰ ਸਿੰਘ ਉਰਫ਼ ਡੋਨੀ ਨਾਲ ਮਿਲ ਕੇ ਜਰਨੈਲ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਰੀ ਨੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ ਹਥਿਆਰ ਮੁਹੱਈਆ ਕਰਵਾਏ ਸਨ।
ਵੀਡੀਓ ਲਈ ਕਲਿੱਕ ਕਰੋ -: