ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਨੇ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿਚ ਉਸ ਨੇ ਬਾਂਸਲ ਸੀਮੈਂਟ ਸਟੋਰ ਦੇ ਮਾਲਕ ਰਾਜ ਕੁਮਾਰ ਬਾਂਸਲ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਪਰਿਵਾਰਕ ਮੈਂਬਰਾਂ ਨੇ ਸੁਰਿੰਦਰ ਸਿੰਘ ਵੱਲੋਂ ਫਾਹਾ ਲਏ ਜਾਣ ਦੀ ਸੂਚਨਾ ਥਾਣਾ ਕੈਨਾਲ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਸੁਸਾਇਟੀ ਦੇ ਵਰਕਰਾਂ ਨੇ ਲਾਸ਼ ਥਾਣਾ ਕੈਨਾਲ ਪੁਲਿਸ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ। ਥਾਣਾ ਕੈਨਾਲ ਦੇ SHO ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਬਾਂਸਲ ਸੀਮੈਂਟ ਸਟੋਰ ਤੋਂ ਸਾਮਾਨ ਖਰੀਦਿਆ ਸੀ ਜਿਸ ਦਾ ਬਿੱਲ 97,500 ਰੁਪਏ ਬਣਦਾ ਸੀ ਜੋ ਕਿ ਉਸ ਵੱਲੋਂ ਦੇ ਦਿੱਤੇ ਗਏ ਸਨ।
ਪਰ ਬਾਂਸਲ ਸੀਮੈਂਟ ਸਟੋਰ ਦੇ ਮਾਲਕ ਨੇ ਪੈਸੇ ਲੈਣ ਤੋਂ ਬਾਅਦ ਅਦਾਲਤ ਵਿਚ ਚੈੱਕ ਬਾਊਂਸ ਹੋਣ ਦਾ ਕੇਸ ਪਾ ਦਿੱਤਾ ਤੇ ਅਦਾਲਤ ਵੱਲੋਂ ਸੁਰਿੰਦਰ ਸਿੰਘ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚੱਲਦਿਆਂ ਅੱਜ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਗੁਰਦੀਪ ਕੌਰ ਦੇ ਦੱਸਿਆ ਕਿ ਬਾਂਸਲ ਸੀਮੈਂਟ ਸਟੋਰ ਦਾ ਮਾਲਕ ਰਾਜ ਕੁਮਾਰ ਬਾਂਸਲ ਇਸ ਲਈ ਜ਼ਿੰਮੇਵਾਰ ਹੈ। ਇਸ ਲਈ ਉਸ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਵੱਲੋਂ ਬਿਆਨ ਦਰਜ ਕਰ ਲਏ ਗਏ ਹਨ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।