ਉਤਰਾਖੰਡ ਦੇ ਅੰਕਿਤਾ ਭੰਡਾਰੀ ਮਰਡਰ ਕੇਸ ਵਿਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਖੁਲਾਸਾ ਹੋਇਆ ਹੈ ਕਿ ਅੰਕਿਤਾ ਦੀ ਮੌਤ ਪਾਣੀ ਵਿਚ ਦਮ ਘੁਟਣ ਨਾਲ ਹੋਈ। ਨਾਲ ਇਹ ਵੀ ਪਤਾ ਲੱਗਾ ਹੈ ਕਿ ਪਾਣੀ ਵਿਚ ਧੱਕਾ ਦੇਣ ਤੋੰ ਪਹਿਲਾਂ ਕਿਸੇ ਮੋਟੀ ਚੀਜ਼ ਨਾਲ ਮਾਰਿਆ ਗਿਆ ਸੀ।
ਅੰਕਿਤਾ ਦੀ ਮੌਤ ਦੇ ਦੋਸ਼ ਵਿਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਅੰਕਿਤਾ ਦੀ ਲਾਸ਼ ਸ਼ਨੀਵਾਰ ਸਵੇਰੇ ਬਰਾਮਦ ਹੋਈ। ਹੱਤਿਆ ਦਾ ਦੋਸ਼ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਿਨੋਦ ਆਰੀਆ ਦੇ ਬੇਟੇ ਪੁਲਕਿਤ ‘ਤੇ ਹੈ। 19 ਸਾਲ ਦੀ ਅੰਕਿਤਾ ਉਸ ਦੇ ਰਿਜ਼ਾਰਟ ਵਿਚ ਰਿਸੈਪਸ਼ਨਿਸਟ ਸੀ। ਪ੍ਰਸ਼ਾਸਨ ਨੇ ਪੁਲਕਿਤ ਦੇ ਰਿਜ਼ਾਰਟ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਤੇ ਗੁੱਸੇ ਵਿਚ ਆਏ ਲੋਕਾਂ ਨੇ ਰਿਜ਼ਾਰਟ ਵਿਚ ਅੱਗ ਲਗਾ ਦਿੱਤੀ।
ਘਟਨਾ ਦੇ ਬਾਅਦ ਪੁਲਕਿਤ ਦੇ ਪਿਤਾ ਵਿਨੋਦ ਆਰੀਆ ਨੂੰ ਪਾਰਟੀ ਤੋਂ ਕੱਢ ਦਿੱਤਾ। ਉਹ ਭਾਜਪਾ ਨੇਤਾ ਤੇ ਉਤਰਾਖੰਡ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਆਰੀਆ ਭਾਜਪਾ ਓਬੀਸੀ ਮੋਰਚਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਦੇ ਯੂਪੀ ਦੇ ਸਹਿ ਇੰਚਾਰਜ ਵੀ ਸਨ। ਪੁਲਕਿਤ ਦੇ ਭਰਾ ਅੰਕਿਤ ਆਰੀਆ ਨੂੰ ਵੀ ਉਤਰਾਖੰਡ ਓਬੀਸੀ ਕਲਿਆਣ ਕਮਿਸ਼ਨ ਦੇ ਉਪ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਗਿਆ। ਉੁਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਮਿਲਿਆ ਹੋਇਆ ਸੀ।
ਅੰਕਿਤਾ ਭੰਡਾਰੀ 18 ਸਤੰਬਰ ਤੋਂ ਲਾਪਤਾ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਰਿਜ਼ਾਰਟ ਪਹੁੰਚ ਕੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਸੀ। ਧੀ ਦਾ ਪਤਾ ਨਾ ਲੱਗਣ ‘ਤੇ ਉਨ੍ਹਾਂ ਨੇ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ। ਅੰਕਿਤਾ 17 ਸਤੰਬਰ ਦੀ ਰਾਤ ਲਗਭਗ 8 ਵਜੇ ਪੁਲਕਿਤ ਆਰੀਆ, ਉਸਦੇ ਰਿਜ਼ਾਰਟ ਮੈਨੇਜਰ ਸੌਰਵ ਭਾਸਕਰ ਤੇ ਅੰਕਿਤ ਉਰਫ ਪੁਲਕਿਤ ਗੁਪਤਾ ਨਾਲ ਰਿਸ਼ੀਕੇਸ਼ ਗਈ ਸੀ।
ਵਾਪਸ ਆਉਂਦੇ ਸਮੇਂ ਤਿੰਨਾਂ ਮੁਲਜ਼ਮਾਂ ਨੇ ਚਿਲਾ ਰੋਡ ਵਾਲੇ ਪਾਸੇ ਸ਼ਰਾਬ ਪੀਤੀ। ਅੰਕਿਤਾ ਉਨ੍ਹਾਂ ਦੇ ਡਰਿੰਕ ਖਤਮ ਹੋਣ ਦਾ ਇੰਤਜ਼ਾਰ ਕਰਦੀ ਰਹੀ। ਸ਼ਰਾਬ ਪੀ ਕੇ ਤਿੰਨੋਂ ਲੜਕੀ ਨਾਲ ਝਗੜਾ ਕਰਨ ਲੱਗੇ। ਝਗੜੇ ਵਿੱਚ ਅੰਕਿਤਾ ਨੇ ਪੁਲਕਿਤ ਦਾ ਮੋਬਾਈਲ ਵੀ ਨਹਿਰ ਵਿੱਚ ਸੁੱਟ ਦਿੱਤਾ। ਇਸ ਦੌਰਾਨ ਅੰਕਿਤਾ ਨੇ ਰਿਜ਼ੋਰਟ ਵਿੱਚ ਅਨੈਤਿਕ ਗਤੀਵਿਧੀਆਂ ਦਾ ਵਿਰੋਧ ਕੀਤਾ ਸੀ। ਉਸ ਨੇ ਧਮਕੀ ਵੀ ਦਿੱਤੀ ਕਿ ਉਹ ਇੱਥੇ ਹੋ ਰਹੀਆਂ ਅਨੈਤਿਕ ਗਤੀਵਿਧੀਆਂ ਬਾਰੇ ਸਾਰਿਆਂ ਨੂੰ ਸੂਚਿਤ ਕਰੇਗੀ। ਇਸ ਤੋਂ ਗੁੱਸੇ ‘ਚ ਆ ਕੇ ਪੁਲਕਿਤ ਅਤੇ ਉਸ ਦੇ ਸਾਥੀਆਂ ਨੇ ਲੜਕੀ ਨੂੰ ਨਹਿਰ ‘ਚ ਧੱਕਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: