ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਬਕਾ ਉਦਯੋਗ ਮੰਤਰੀ ਤੇ ਭਾਜਪਾ ਨੇਤਾ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਤਾਂ ਠੀਕ ਹੈ ਪਰ ਭਗਵੰਤ ਮਾਨ ਸਰਕਾਰ ਨੂੰ ਹੁਣ ਉਨ੍ਹਾਂ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੋ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ, ਜਿਨ੍ਹਾਂ ‘ਤੇ ਜਬਰਨ ਵਸੂਲੀ ਦਾ ਦੋਸ਼ ਹੈ।
ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਅਰੋੜਾ ਦੀ ਗ੍ਰਿਫਤਾਰੀ ਕੀਤੀ ਗਈ ਪਰ ਫੌਜਾ ਸਿੰਘ ਸਰਾਰੀ ਦਾ ਕੀ, ਜਿਸ ਦੀ ਆਡੀਓ ਕਲਿੱਪ ਪਹਿਲਾਂ ਹੀ ਵਾਇਰਲ ਹੋ ਚੁੱਕੀਹੈ, ਜਿਸ ਵਿਚ ਉਸ ਨੂੰ ਪੰਜਾਬ ਦੇ ਅਧਿਕਾਰੀਆਂ ਤੋਂ ਰਿਸ਼ਵਤ ਲਈ ਇਕ ਸੌਦਾ ਤੈਅ ਕਰਦੇ ਹੋਏ ਸਪੱਸ਼ਟ ਤੌਰ ‘ਤੇ ਸੁਣਿਆ ਗਿਆ ਸੀ।
ਇਸ ਤੋਂ ਇਲਾਵਾ ਸਰਾਰੀ ਤੇ ਉਸ ਦੇ ਓਐੱਸਡੀ ਤਰਸੇਮ ਲਾਲ ਕਪੂਰ ਦੋਵਾਂ ਨੇ ਹੀ ਮੀਡੀਆ ਸਾਹਮਣੇ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ ਕਿ ਆਡੀਓ ਕਲਿੱਪ ਵਿਚ ਆਵਾਜ਼ਾਂ ਉਨ੍ਹਾਂ ਦੀਆੰ ਹੀ ਹਨ। ਤਾਂ ਕੀ ਗੱਲ ਸਰਾਰੀ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾਉਣ ਤੋਂ ਮਾਨ ਨੂੰ ਕਿਸ ਵੱਲੋਂ ਰੋਕਿਆ ਜਾ ਰਿਹਾ ਹੈ। ਜਿਵੇਂ ਕਿ ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਕੁਮਾਰ ਸਿੰਗਲਾ ਨਾਲ ਕੀਤਾ ਸੀ ਉਂਝ ਕਿਉਂ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ।
ਬਾਜਵਾ ਨੇ ਕਿਹਾ ਕਿ ਉਹ ਭ੍ਰਿਸ਼ਟ ਅਧਿਕਾਰੀਆਂ ਜਾਂ ਮੰਤਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸੂਬਾ ਜਾਂ ਕੇਂਦਰ ਸਰਕਾਰ ਦੀ ਕਿਸੇ ਵੀ ਕੋਸ਼ਿਸ਼ ਦੀ ਹਮੇਸ਼ਾ ਪ੍ਰਸ਼ੰਸਾ ਕਰਾਂਗੇ। ਹਾਲਾਂਕਿ ਮੈਂ ਭਗਵੰਤ ਮਾਨ ਸਰਕਾਰ ਦੇ ਪੱਖਪਾਤੀ ਰਵੱਈਆ ਤੇ ਉਸ ਦੀ ਪਸੰਦੀ ਤੇ ਨੀਤੀ ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਖਿਲਾਫ ਹਾਂ। ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਖਿਲਾਫ ਦੋਹਰੇ ਮਾਪਦੰਡ ਕਿਉਂ ਹਨ ਜਦੋਂ ਕਿ ਉਨ੍ਹਾਂ ਦੇ ਹੀ ਮੰਤਰੀ ਨੂੰ ਭ੍ਰਿਸ਼ਟਾਚੀਰ ਤੇ ਰੰਗਦਾਰੀ ਦੇ ਮਾਮਲਿਆਂ ਵਿਚ ਛੋਟ ਹੈ।
ਬਾਜਵਾ ਨੇ ਭਗਵੰਤ ਮਾਨ ਤੋਂ ਕਿਸਾਨਾਂ ਦੇ ਲੰਮੇ ਸਮੇਂ ਤੋਂ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਦੀ ਵੀ ਅਪੀਲ ਕੀਤੀ। ਮਾਨ ਨੇ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨਾਲ ਪਾਣੀ ਦੀ ਬੱਚਤ ਹੋਵੇਗੀ। ਹਾਲਾਂਕਿ, ਮੁੱਖ ਮੰਤਰੀ ਦੀ ਸਲਾਹ ਨੂੰ ਮੰਨਣ ਵਾਲੇ ਕਿਸਾਨਾਂ ਦੀ ਵੱਡੀ ਗਿਣਤੀ ਵਾਅਦਾ ਕੀਤਾ ਬੋਨਸ ਲੈਣ ਵਿੱਚ ਅਸਫਲ ਰਹੀ ਹੈ। ਇਸੇ ਤਰ੍ਹਾਂ ਮਾਨ ਨੇ ਮੂੰਗ ਦੀ ਦਾਲ ਦੀ ਕੀਮਤ ਐੱਸਐੱਸਪੀ ‘ਤੇ 7275 ਰੁਪਏ ਪ੍ਰਤੀ ਕੁਇੰਟਲ ਦਾ ਐਲਾਨ ਕੀਤਾ ਸੀ। 80 ਫੀਸਦੀ ਕਿਸਾਨ ਵਾਅਦਾ ਕੀਤੇ ਗਏ ਐੱਮਐੱਸਪੀ ਨੂੰ ਹਾਸਲ ਕਰਨ ਵਿਚ ਅਸਫਲ ਰਹੇ ਹਨ।
ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਖਰਾਬ ਮੌਸਮ ਤੇ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋਣ ਦੇ ਬਾਅਦ ਉਨ੍ਹਾਂ ਨੂੰ ਮੁਆਵਜ਼ਾ ਦੇਣ ਵਿਚ ਅਸਫਲ ਰਹੀ ਹੈ। ਗੁਲਾਬੀ ਸੁੰਡੀ ਦੇ ਹਮਲੇ ਨਾਲ ਜਿਹੜੇ ਕਿਸਾਨਾਂ ਦੀ ਕਪਾਹ ਦੀ ਫਸਲ ਖਰਾਬ ਹੋ ਗਈ ਸੀ, ਉਹ ਵੀ ਰਾਹਤ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਕੇਯੂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨੇ ‘ਤੇ ਬੈਠੇ ਹਨ। ਭਗਵੰਤ ਮਾਨ ਨੂੰ ਤੁਰੰਤ ਉਨ੍ਹਾਂ ਨਾਲ ਇਕ ਹੋਰ ਦੌਰ ਦੀ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਕਿਸਾਨਾਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: