ਪੰਜਾਬ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਦਾ ਕਾਂਗਰਸ ਦੇ ਅੰਦਰ ਵਿਰੋਧ ਤੇਜ਼ ਹੋ ਗਿਆ ਹੈ। ਸਾਬਕਾ ਮੰਤਰੀ ਅਰੁਣਾ ਚੌਧਰੀ ਨੇ ਇਸ ਨੂੰ ਇਤਰਾਜ਼ਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਇਸ ਸਬੰਧ ਵਿਚ ਕੋਈ ਗਾਈਡਲਾਈਨਜ਼ ਜਾਰੀ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਜਾਖੜ ਨੇ ਇੱਕ ਇੰਟਰਿਵਊ ਵਿਚ ਕਾਂਗਰਸ ਦੇ ਅੰਸਤੁਸ਼ਟ G-23 ਬਾਰੇ ਕਿਹਾ ਸੀ ਕਿ ਉਹ ਹਾਈਕਮਾਨ ‘ਤੇ ਦਬਾਅ ਪਾਉਣ ਅਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ‘ਚ ਕਈ ਅਜਿਹੇ ਹਨ ਜਿਨ੍ਹਾਂ ਦਾ ਕੋਈ ਜ਼ਮੀਨੀ ਵਜੂਦ ਨਹੀਂ ਹੈ ਅਤੇ ਉਹ ਰਾਜਸਭਾ ਦੇ ਚੌਧਰੀ ਬਣੇ ਹੋਏ ਹਨ। ਕੁਝ ਨੇਤਾ ਅਜਿਹੇ ਵੀ ਹਨ ਜੋ ਖੁਦ ਕਹਿੰਦੇ ਸਨ ਕਿ ਉਨ੍ਹਾਂ ਦੀ ਝੋਲੀ ਛੋਟੀ ਸੀ ਪਰ ਹਾਈਕਮਾਨ ਨੇ ਉਨ੍ਹਾਂ ਨੂੰ ਜ਼ਿਆਦਾ ਦੇ ਦਿੱਤੇ। ਜਾਖੜ ਨੇ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ। ਇਸ ਨਾਲ ਕਾਂਗਰਸ ਵਿਚ ਘਮਾਸਾਨ ਮਚ ਗਿਆ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਲਈ ਇਤਰਾਜ਼ਯੋਗ ਗੱਲ ਕਹੀ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਤੇ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਇਸ ਦਾ ਵਿਰੋਧ ਕਰ ਚੁੱਕੇ ਹਨ। ਉਹ ਜਾਖੜ ਨੂੰ ਕਾਂਗਰਸ ਤੋਂ ਬਾਹਰ ਕੱਢਣ ਦੀ ਮੰਗ ਵੀ ਕਰ ਚੁੱਕੇ ਹਨ। ਖੁਦ ਚੰਨੀ ਨੇ ਵੀ ਕਿਹਾ ਕਿ ਜਾਖੜ ਦੀ ਮਾਨਸਿਕਤਾ ਗਰੀਬ ਵਿਰੋਧੀ ਹੈ। ਉਨ੍ਹਾਂ ਨੇ ਖੁਦ ਨੂੰ ਅਨੁਸੂਚਿਤ ਵਰਗ ਦੇ ਭਾਈਚਾਰੇ ਦੀ ਵੋਟ ਤੋਂ ਖੁਦ ਨੂੰ ਵੱਡਾ ਨੇਤਾ ਬਣਾਇਆ ਤੇ ਅੱਜ ਉਨ੍ਹਾਂ ਪ੍ਰਤੀ ਗਲਤ ਸੋਚ ਰੱਖ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : CM ਮਾਨ ਦੀ ਕਮਿਸ਼ਨਰਾਂ ਤੇ DC’s ਨੂੰ ਚਿੱਠੀ, ਦਫਤਰੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਦਿੱਤੇ ਨਿਰਦੇਸ਼
ਦੂਜੇ ਪਾਸੇ ਸੁਨੀਲ ਜਾਖੜ ਇਸ ਲਈ ਸਫਾਈ ਦੇ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਭਾਈਚਾਰੇ ਪ੍ਰਤੀ ਟਿੱਪਣੀ ਨਹੀਂ ਕੀਤੀ ਸੀ। ਉਨ੍ਹਾਂ ਨੇ ਸਿਰਫ ਉਨ੍ਹਾਂ ਨੇਤਾਵਾਂ ਬਾਰੇ ਕਿਹਾ ਸੀ ਜੋ ਕਾਂਗਰਸ ਹਾਈਕਮਾਨ ‘ਤੇ ਦਬਾਅ ਪਾ ਰਹੇ ਹਨ। ਜਾਖੜ ਨੇ ਇਹ ਵੀ ਕਿਹਾ ਕਿ ਉਹ ਐੱਸੀ ਸਮਾਜ ਦੇ ਅਪਮਾਨ ਦੀ ਸੋਚ ਵੀ ਨਹੀਂ ਸਕਦੇ। ਜੇਕਰ ਉਸ ਦੀਆਂ ਗੱਲਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਅਫਸੋਸ ਹੈ।