ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜ਼ੇ ਰਾਹੀਂ ਬੀਐਸਐਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬਦਲਣ ਦੇ ਯਤਨ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ।
ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖਤਰੇ ਵਿਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ ਤੇ ਇਸ ਨਾਲ ਸੂਬਾ ਸਰਕਾਰ ਮਿਉਂਸਪਾਲਿਟੀ ਬਣ ਕੇ ਰਹਿ ਜਾਵੇਗੀ। ਇਹ ਪੰਜਾਬੀਆਂ ਦੇ ਮਾਣ ਤੇ ਸਤਿਕਾਰ ਲਈ ਵੱਡਾ ਝਟਕਾ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਸੌੜੇ ਹਿੱਤਾਂ ਲਈ ਆਪਸੀ ਲੜਾਈ ਬੰਦ ਨਾ ਕੀਤੀ ਤਾਂ ਫਿਰ ਕੇਂਦਰ ਸਰਕਾਰ ਸਾਡੀ ਕਮਜ਼ੋਰੀ ਦਾ ਲਾਹਾ ਲਵੇਗੀ। ਕੱਲ੍ਹ ਨੂੰ ਅਸੀਂ ਪਛਤਾਵਾਂਗੇ ਤੇ ਸਾਡੇ ਕੋਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੋਈ ਤਾਕਤ ਨਹੀਂ ਰਹਿ ਜਾਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਮੰਨਣ ਦਾ ਵੀ ਮਜ਼ਬੂਤ ਆਧਾਰ ਮੌਜੂਦ ਹੈ ਕਿ ਕੇਂਦਰ ਸਰਕਾਰ ਸ਼ਾਇਦ ਸੂਬੇ ਤੋਂ ਦਰਿਆਈ ਪਾਣੀਆਂ ’ਤੇ ਇਸ ਦਾ ਬਣਦਾ ਹੱਕ ਖੋਹਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਇਸ ਨਵੇਂ ਕਦਮ ਨਾਲ ਕਿਸਾਨ ਅੰਦੋਲਨ ਨੂੰ ਕੁਚਲਣ ਦਾ ਵੀ ਯਤਨ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਸਾਬਕਾ ਮੁੱਖ ਮੰਤਰੀ ਜੋ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੜੀ ਨਹੀਂ ਰਹੇਗੀ ਤੇ ਇਸ ਲੜਾਈ ਵਿਚ ਕਿਸੇ ਵੀ ਗਠਜੋੜ ਵਿਚ ਸ਼ਾਮਲ ਹੋ ਕੇ ਇਹ ਲੜਾਈ ਲੜਨ ਨੂੰ ਤਿਆਰ ਹੈ ਕਿਉਂਕਿ ਸੰਘਰਸ਼ ਕਰਨਾ ਸਾਡਾ ਹੱਕ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਆਸੀ ਲਾਹਾ ਨਹੀਂ ਚਾਹੁੰਦਾ ਤੇ ਇਹ ਹੋਰ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਸਾਂਝੀ ਲਡਾਈ ਵਿਚ ਸਹਿਯੋਗ ਲਈ ਨਿਮਾਣਾ ਹੋ ਕੇ ਅਪੀਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦੇਸ਼ ਦੇ ਹਿੱਤਾਂ ਵਿਚ ਹੈ ਕਿਉਂਕਿ ਅਸੀਂ ਦੇਸ਼ ਦੀ ਤਲਵਾਰ ਭੁਜਾ ਹਾਂ ਯਾਨੀ ਮੁੱਖ ਹਥਿਆਰ ਹਾਂ।
ਤਕਰੀਬਨ ਅੱਧੇ ਪੰਜਾਬ ਨੂੰ ਬੀਐਸਐਫ ਅਧੀਨ ਲਿਆਉਣ ਨੂੰ ਖ਼ਤਰਨਾਕ ਕਾਰਵਾਈ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਨਾਲ ਪੰਜਾਬ ਵਿਚ ਉਹ ਦੌਰ ਸ਼ੁਰੂ ਹੋ ਜਾਵੇਗਾ ਜਦੋਂ ਪੰਜਾਬ ਨੂੰ ਗੜ੍ਹਬੜ੍ਹ ਗ੍ਰਸਤ ਇਲਾਕਾ ਐਲਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੀਐਸਐਫ ਨੂੰ ਖੁੱਲ੍ਹੀਆਂ ਤਾਕਤਾਂ ਦੇ ਕੇ ਕੇਂਦਰ ਸਰਕਾਰ ਨੇ ਪੰਜਾਬ ਪੁਲਿਸ ਨੂੰ ਬੇਤੁਕੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਉਹ ਦੌਰ ਮੁੜ ਨਾ ਸ਼ੁਰੂ ਹੋ ਜਾਵੇ, ਜਦੋਂ ਅੱਧੀ ਰਾਤ ਨੂੰ ਸੁਰੱਖਿਆ ਬਲ ਬਿਨਾਂ ਕਿਸੇ ਵਾਜਬ ਹੁਕਮਾਂ ਜਾਂ ਨੋਟਿਸ ਦੇ ਘਰਾਂ ਦੇ ਕੁੰਢੇ ਖੜਕਾਉਂਦੇ ਸਨ ਤੇ ਲੋਕਾਂ ਕੋਲ ਰਾਹਤ ਹਾਸਲ ਕਰਨ ਵਾਸਤੇ ਕੋਈ ਫੋਰਮ ਵੀ ਨਹੀਂ ਰਹਿੰਦੀ ਸੀ ਕਿਉਂਕਿ ਸਥਾਨਕ ਆਗੂ ਜਾਂ ਅਫਸਰਾਂ ਕੋਲ ਤੁਹਾਡੀਆਂ ਮੁਸ਼ਕਿਲਾਂ ਹੱਲ ਕਰਨ ਦੀ ਤਾਕਤ ਨਹੀਂ ਰਹੀ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਨਵਜੋਤ ਸਿੰਘ ਸਿੱਧੂ ਨੇ ਵਾਪਿਸ ਲਿਆ ਅਸਤੀਫਾ
ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਰਾਮ ਤੀਰਥ ਸਥਾਨ ਸਮੇਤ ਅਨੇਕਾਂ ਪਵਿੱਤਰ ਥਾਵਾਂ ਦੀ ਪਵਿੱਤਰਤਾ ਭੰਗ ਕਰ ਕੇ ਇਨ੍ਹਾਂ ਵਿੱਚ ਦਾਖਲ ਹੋਣ ਲਈ ਆਪ ਮੁਹਾਰੀ ਸ਼ਕਤੀਆਂ ਵੀ ਲੈ ਲਈਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ਦਾ ਨਤੀਜਾ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸੰਵਿਧਾਨ ਵਿੱਚ ਦਿੱਤੀ ਗਾਰੰਟੀ ਅਨੁਸਾਰ ਆਪਣੇ ਮਾਣ-ਸਤਿਕਾਰ ਤੇ ਆਜ਼ਾਦੀ ਦੀ ਸੁਰੱਖਿਆ ਲਈ ਲੜਨਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬੀ ਨੂੰ ਲੋਕਤੰਤਰੀ ਤੇ ਸੰਘੀ ਅਧਿਕਾਰਾਂ ਤਹਿਤ ਆਪਣੀ ਚੁਣੀ ਹੋਈ ਸਰਕਾਰ ਰਾਹੀਂ ਆਪਣਾ ਸ਼ਾਸਨ ਚਲਾਉਣ ਦੇ ਹੱਕ ਤੋਂ ਵਾਂਝਾ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਨਾ ਕਨ ਤੇ ਉਹਨਾਂ ਦੇ ਪਹਿਲਾਂ ਹੀ ਡੂੰਘੇ ਜ਼ਖ਼ਮਾਂ ’ਤੇ ਹੋਰ ਲੂਣ ਨਾ ਛਿੜਕਣ।
ਉਨ੍ਹਾਂ ਕਿਹਾ ਕਿ ਤਕਰੀਬਨ 15 ਸਾਲਾਂ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੇਂਦਰੀ ਰਾਜ ਅਧੀਨ ਰੱਖਿਆ ਤੇ ਫੌਜ ਦੇ ਰਾਜਕਾਲ ਦੇ ਗੰਭੀਰ ਨਤੀਜੇ ਵੀ ਨਿਕਲੇ। ਉਹਨਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਦਿੱਲੀ ਦੇ ਮੌਜੂਦਾ ਸ਼ਾਸਕ ਇਤਿਹਾਸ ਤੋਂ ਸਬਕ ਸਿੱਖਣਗੇ ਅਤੇ ਬੀਤੇ ਸਮੇਂ ਦੀ ਤ੍ਰਾਸਦੀ ਵਾਲੀਆਂ ਗਲਤੀਆਂ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਪੰਜਾਬ ਤੇ ਸਾਰੇ ਦੇਸ਼ ਦੇ ਹੱਕ ਵਿਚ ਉਹ ਬੀਤੇ ਸਮੇਂ ਦੀਆਂ ਤ੍ਰਾਸਦੀਆਂ ਨੂੰ ਦੁਹਰਾਉਣ ਨਾ ਦੇਣ।