ਛੱਤੀਸਗੜ੍ਹ ਦੇ ਮੁੱਖ ਮੰਤਰੀ ਅੱਜ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਜਲੰਧਰ ਪੁੱਜੇ। ਉਨ੍ਹਾਂ ਨੇ ਇਥੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਇਆ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਆਪ ਨੂੰ ਤਾਕਤਵਰ ਪ੍ਰਧਾਨ ਮੰਤਰੀ ਕਹਿੰਦੇ ਹਨ ਪਰ ਪੰਜਾਬ ਵਿਚ ਆਉਣ ਤੋਂ ਡਰਦੇ ਹਨ। ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਉਹ ਜਲੰਧਰ ਦੇ ਮਸ਼ਹੂਰ ਸ਼ਕਤੀ ਸਥਲ ਸ਼੍ਰੀ ਦੇਵੀ ਤਾਲਾਬ ਮੰਦਰ ਵਿਚ ਜਾਣਾ ਚਾਹੁੰਦੇ ਸਨ ਪਰ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ, ਕਾਫੀ ਹਾਸੋਹੀਣਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੋਲਣ ਤੋਂ ਪਹਿਲਾਂ ਘੱਟ ਤੋਂ ਘੱਟ ਇਹ ਤਾਂ ਦੇਖ ਲੈਣਾ ਚਾਹੀਦਾ ਸੀ ਕਿ ਹੁਣ ਸੂਬੇ ਵਿਚ ਕਾਂਗਰਸ ਦੀ ਸਰਕਾਰ ਨਹੀਂ ਸਗੋਂ ਉਨ੍ਹਾਂ ਦੇ ਦਫਤਰ ਤੋਂ ਚੱਲਣ ਵਾਲੇ ਚੋਣ ਕਮਿਸ਼ਨ ਦੇ ਹੱਥ ਵਿਚ ਸਾਰੀ ਵਿਵਸਥਾ ਹੈ। ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਸੀ ਤਾਂ ਉਹ ਕੇਂਦਰੀ ਬਲਾਂ ਦੀ ਸਹਾਇਤਾ ਲੈਂਦੇ ਤੇ ਮੰਦਰ ਵਿਚ ਮੱਥਾ ਟੇਕ ਆਉਂਦੇ।
ਬਘੇਲ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਝੂਠੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਬਹੁਤ ਜਾਗਰੂਕ ਹਨ ਤੇ ਉਨ੍ਹਾਂ ਦੇ ਸਾਰੇ ਹੱਥਕੰਡਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਜੋ ਕਿ ਪੂਰੀ ਤਰ੍ਹਾਂ ਤੋਂ ਇਕ ਆਜ਼ਾਦ ਏਜੰਸੀ ਹੈ ਪਰ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਤੋਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਚੋਣ ਕਮਿਸ਼ਨ ਪੂਰੀ ਤਰ੍ਹਾਂ ਤੋਂ ਕੇਂਦਰ ਸਰਕਾਰ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਬਹੁਤ ਹੀ ਬਦਕਿਸਮਤੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਦੀ ਬੈਠਕ ਵੀ ਪੀਐੱਮਓ ਬੁਲਾਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨਾਲ 5 ਲੋਕ ਵੀ ਹੁੰਦੇ ਹਨ ਤਾਂ ਕਮਿਸ਼ਨ ਕੇਸ ਦਰਜ ਕਰਵਾ ਦਿੰਦਾ ਹੈ ਜਦੋਂ ਕਿ ਭਾਜਪਾ ਦੇ ਲੋਕ 500-500 ਲੋਕ ਨਾਲ ਲੈ ਕੇ ਘੁੰਮ ਰਹੇ ਹਨ ਤੇ ਕੋਈ ਉਨ੍ਹਾਂ ਨੂੰ ਨਹੀਂ ਪੁੱਛ ਰਿਹਾ।
ਉੁਨ੍ਹਾਂ ਚੋਣਾਂ ਦੌਰਾਨ ਇਸਤੇਮਾਲ ਕੀਤੀ ਜਾਣ ਵਾਲੀਆਂ ਈਵੀਐੱਮ ਮਸ਼ੀਨਾਂ ‘ਤੇ ਵੀ ਸਵਾਲ ਖੜ੍ਹੇ ਕੀਤੇ। ਬਘੇਲ ਨੇ ਕਿਹਾ ਕਿ EVM ਮਸ਼ੀਨਾਂ ਨਾਲ ਪਾਰਦਰਸ਼ੀ ਚੋਣਾਂ ਨਹੀਂ ਹੁੰਦੀਆਂ। ਉਨ੍ਹਾਂ ਨੇ ਅਮਰੀਕਾ ਸਣੇ ਹੋਰ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਉਥੇ ਤਕਨੀਕ ਇੰਨੀ ਜ਼ਿਆਦਾ ਵਿਕਸਿਤ ਹੋਣ ਦੇ ਬਾਵਜੂਦ ਬੈਲੇਟ ਪੇਪਰ ਨਾਲ ਚੋਣਾਂ ਹੋ ਰਹੀਆਂ ਹਨ ਤਾਂ ਫਿਰ ਭਾਰਤ ਵਿਚ ਅਜਿਹਾ ਕਿਉਂ ਨਹੀਂ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਨੋਟਬੰਦੀ ਤੇ ਜੀਐੱਸਟੀ ਕਾਰਨ ਮਹਿੰਗਾਈ ਵਧੀ, ਜਿਸ ਨਾਲ ਸਾਰੀ ਜਨਤਾ ਪ੍ਰੇਸ਼ਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਸਾਰਾ ਕਾਲਾ ਪੈਸਾ ਖਜ਼ਾਨੇ ਵਿਚ ਆ ਜਾਵੇਗਾ ਪਰ ਅਜੇ ਤੱਕ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ ਹੈ ਕਿ ਕਿੰਨਾ ਕਾਲਾ ਧਨ ਖਜ਼ਾਨੇ ਵਿਚ ਆਇਆ ਹੈ। ਜੀਐੱਸਟੀ ਨੂੰ ਬਣਾਉਣ ਵਾਲੇ ਹੁਣ ਖੁਦ ਪ੍ਰੇਸ਼ਾਨ ਹਨ ਕਿ ਇਹ ਅਸੀਂ ਕੀ ਬਣਾ ਦਿੱਤਾ।
ਬਘੇਲ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਵੀ ਇਨ੍ਹਾਂ ਨੇ ਉਦੋਂ ਘੱਟ ਕੀਤੇ ਜਦੋਂ ਹਿਮਾਚਲ ਪ੍ਰਦੇਸ਼ ਦੀ ਜਨਤਾ ਨੇ ਚਾਰ ਸੀਟਾਂ ਤੋਂ ਹਰਾ ਕੇ ਇਨ੍ਹਾਂ ਨੂੰ ਵਾਪਸ ਭੇਜਿਆ। ਤਦ ਜਾ ਕੇ ਪੈਟਰੋਲ ‘ਤੇ 5 ਅਤੇ ਡੀਜ਼ਲ ‘ਤੇ 10 ਰੁਪਏ ਘੱਟ ਕੀਤੇ। ਅਜੇ ਤੱਕ ਰੇਟ ਸਥਿਰ ਹਨ, ਹੁਣ ਕਿਉਂ ਨਹੀਂ ਵਧ ਰਹੇ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਨ੍ਹਾਂ ਨੂੰ ਸਿਰਫ ਮਤਲਬ ਦੇਸ਼ ਦੇ 2-3 ਪੂੰਜੀਪਤੀਆਂ ਨਾਲ ਹੈ।