ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸੰਗਰੂਰ ਜ਼ਿਮਨੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਾਸ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਕੱਲ੍ਹ ਸਾਨੂੰ ਸੰਤ ਸਮਾਜ ਤੇ ਬੰਦੀ ਸਿੰਘ ਪਰਿਵਾਰਾਂ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਬੇਨਤੀ ਕੀਤੀ ਗਈ ਸੀ। ਅਸੀਂ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਚੋਣਾਂ ਲੜਨ ਤੋਂ ਅਸਮਰੱਥਾ ਪ੍ਰਗਟ ਕਰਦੇ ਹਾਂ। ਸਾਰਿਆਂ ਵੱਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ।
ਦੱਸ ਦੇਈਏ ਕਿ ਸੰਗਰੂਰ ਸੀਟ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਕੀਤੀ ਗਈ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਥੋਂ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਲਈ ਪੂਰਾ ਜ਼ੋਰ ਲਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਮਨੀ ਚੋਣਾਂ ਦੀ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 6 ਜੂਨ ਹੈ, ਜਦਕਿ ਵੋਟਾਂ 23 ਜੂਨ ਨੂੰ ਹੋਣਗੀਆਂ। ਇਸ ਦੀ ਗਿਣਤੀ 26 ਜੂਨ ਨੂੰ ਹੋਵੇਗੀ ਤੇ 28 ਜੂਨ ਤੋਂ ਪਹਿਲਾਂ ਇਹ ਚੋਣਾਂ ਮੁਕੰਮਲ ਹੋ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: