ਚੰਡੀਗੜ੍ਹ : ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਗ੍ਰਿਫ਼ਤਾਰੀ ਤੋਂ ਡਰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣ ਅਤੇ ਉਸ ਖ਼ਿਲਾਫ਼ ਸ਼ਿਕਾਇਤ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਹਾਈ ਕੋਰਟ ਵੱਲੋਂ ਇਸ ਪਟੀਸ਼ਨ ’ਤੇ ਆਉਣ ਵਾਲੇ ਦਿਨਾਂ ਵਿੱਚ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਸਾਬਕਾ ਮੰਤਰੀ ਖਿਲਾਫ ਟੈਂਡਰ ਘੁਟਾਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਐਫਆਈਆਰ ਦਰਜ ਕਰ ਸਕਦੀ ਹੈ। ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਹੈ। ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਐਸਐਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਹੈ। ਵਿਜੀਲੈਂਸ ਇਹ ਪਤਾ ਲਗਾਵੇਗੀ ਕਿ 2017-18 ਵਿੱਚ ਪੰਜਾਬ ਦੀਆਂ ਲਗਭਗ 2500 ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਮੁਹੱਈਆ ਕਰਵਾਉਣ ਦੇ ਟੈਂਡਰਾਂ ‘ਤੇ ਕਿੰਨਾ ਖਰਚ ਹੋਇਆ ਅਤੇ 2020 ਵਿੱਚ ਕਿੰਨਾ ਖਰਚ ਹੋਇਆ।
ਜੇਕਰ ਦੋਸ਼ ਸਹੀ ਪਾਏ ਗਏ ਤਾਂ ਵਿਜੀਲੈਂਸ ਆਸ਼ੂ ਖਿਲਾਫ ਐਫਆਈਆਰ ਦਰਜ ਕਰੇਗੀ। ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਮੁਹੱਈਆ ਕਰਵਾਉਣ ਵਾਲੇ ਠੇਕੇਦਾਰਾਂ ਦੀ ਯੂਨੀਅਨ ਦਾ ਦੋਸ਼ ਹੈ ਕਿ ਵਿਭਾਗ ਵਿੱਚ 2019-2020 ਤੋਂ ਬਾਅਦ ਟੈਂਡਰ ਵਿੱਚ ਘਪਲਾ ਹੋਇਆ ਹੈ। ਵਿਜੀਲੈਂਸ ਦੇ ਚੀਫ ਡਾਇਰੈਕਟਰ ਦੇ ਦਫਤਰ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਐਸਐਸਪੀ ਨੂੰ ਸੌਂਪ ਦਿੱਤੀ ਹੈ। ਇਸ ਦੀ ਪੁਸ਼ਟੀ ਬਿਊਰੋ ਦੇ ਸੀਨੀਅਰ ਅਧਿਕਾਰੀ ਨੇ ਕੀਤੀ।
ਦੂਜੇ ਪਾਸੇ ਆਸ਼ੂ ਨੇ ਕਿਹਾ- ਦੋਸ਼ ਬੇਬੁਨਿਆਦ ਹਨ। ਸਰਕਾਰ ਜਾਂਚ ਕਰੇ। ਡੀਸੀ ਦੀ ਅਗਵਾਈ ਵਿੱਚ ਗਠਿਤ ਕਮੇਟੀਆਂ ਵੱਲੋਂ ਜ਼ਿਲ੍ਹਿਆਂ ਦੇ ਟੈਂਡਰ ਅਲਾਟ ਕੀਤੇ ਗਏ। ਇਸ ਸਮੇਂ ਸਾਜ਼ਿਸ਼ ਤਹਿਤ ਇਲਜ਼ਾਮ ਲਾਏ ਗਏ ਤਾਂ ਜੋ ਕੁਝ ਨਾ ਹੋਣ ‘ਤੇ ਵੀ ਵਿਜੀਲੈਂਸ ਕਾਰਵਾਈ ‘ਚ ਜੁੱਟ ਜਾਵੇ।
ਵੀਡੀਓ ਲਈ ਕਲਿੱਕ ਕਰੋ -: