ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚਕਾਰ ਅਕਾਲੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਚੰਨੀ ਸਰਕਾਰ ਤੇ ਕੇਜਰੀਵਾਲ ‘ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਚੰਨੀ ਸਰਕਾਰ ਦੀ ਪੋਲ ਖੋਲ੍ਹਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਪੈਸੇ ਇਸ਼ਤਿਹਾਰਾਂ ਵਿਚ ਖਰਚ ਕਰਕੇ ਉਡਾਏ ਜਾ ਰਹੇ ਹਨ ਅਤੇ ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ।
‘ਆਪ’ ਸੁਪਰੀਮੋ ਕੇਜਰੀਵਾਲ ਤੇ ਨਿਸ਼ਾਨਾ ਵਿੰਨ੍ਹਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਥੇ ਵੀ ਚੋਣਾਂ ਹੁੰਦੀਆਂ ਹਨ ਉਥੇ ਕੇਜਰੀਵਾਲ ਸਾਬ੍ਹ ਪਹੁੰਚ ਜਾਂਦੇ ਹਨ ਅਤੇ ਟਿਕਟਾਂ ਵੇਚਦੇ ਹਨ। ਬੀਤੇ 5 ਸਾਲਾਂ ਵਿਚ ਉਹ ਪੰਜਾਬ ਵਿਚ ਕਿਤੇ ਨਜ਼ਰ ਨਹੀਂ ਆਏ ਅਤੇ ਹੁਣ ਜਦੋਂ ਚੋਣਾਂ ਸਿਰ ‘ਤੇ ਹਨ ਤਾਂ ਉਨ੍ਹਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੀਬਾ ਬਾਦਲ ਨੇ ਕਿਹਾ ਕਿ ਭਾਵੇਂ ਪਿਛਲੀ ਵਾਰ ਉਨ੍ਹਾਂ ਦੀ ਸਰਕਾਰ ਨਹੀਂ ਬਣੀ ਪਰ ਫਿਰ ਵੀ ਉਨ੍ਹਾਂ ਦਾ ਫਰਜ਼ ਸੀ ਕੀ ਵਿਧਾਨ ਸਭਾ ਵਿਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਹ ਆਪਣੇ ਕੀਤੇ ਵਾਅਦਿਆਂ ਤੋਂ ਮੁਕਰੇ ਹਨ।
ਕੇਜਰੀਵਾਲ ਵੱਲੋਂ ਸਰਕਾਰ ਬਣਨ ‘ਤੇ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ ਪਰ ਮੈਂ ਇਹ ਪੁੱਛਣਾ ਚਾਹੁੰਦੀ ਹੈ ਕਿ ਦਿੱਲੀ ਜਿਥੇ ਕੇਜਰੀਵਾਲ ਦੀ ਪਿਛਲੇ 8 ਸਾਲਾਂ ਤੋਂ ਸਰਕਾਰ ਹੈ ਉਥੇ ਉਸ ਨੇ ਅੱਜ ਤੱਕ ਧੇਲਾ ਨਹੀਂ ਦਿੱਤਾ। ਜਿਥੇ ਸਰਕਾਰ ਹੈ ਉਥੇ ਕੱਖ ਨਹੀਂ ਦਿੱਤਾ ਤੇ ਪੰਜਾਬ ਵਿਚ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਇਹ ਵਾਅਦਾ ਕਦੇ ਨਹੀਂ ਕੀਤਾ ਕਿ ਮੈਂ ਤੁਹਾਨੂੰ ਆਟਾ-ਦਾਲ ਦੇਵਾਂਗਾ, ਪੈਨਸ਼ਨ ਦੇਵਾਂਗਾ, ਸ਼ਗਨ ਦੇਵਾਂਗਾ, ਮੋਟਰ ਦੇ ਬਿੱਲ ਮੁਆਫ ਕਰਾਂਗਾ ਕਿਉਂਕਿ ਦਿੱਲੀ ਵਿਚ ਕਿਸੇ ਨੂੰ ਵੀ ਪੈਨਸ਼ਨ, ਸ਼ਗਨ, ਆਟਾ-ਦਾਲ ਸਕੀਮ ਦਾ ਫਾਇਦਾ ਨਹੀਂ ਦਿੱਤਾ ਗਿਆ।ਉਥੇ ਕਿਸਾਨਾਂ ਨੂੰ 20-25 ਹਜ਼ਾਰ ਰੁਪਏ ਬਿੱਲ ਭਰਨੇ ਪੈਂਦੇ ਹਨ। ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਵਿਚ ਹਲਫਨਾਮਾ ਦਿੱਤਾ ਹੋਇਆ ਹੈ ਕਿ ਐੱਸ. ਵਾਈ. ਐੱਲ. ਦਾ ਕਨਾਲ ਬਣਾਇਆ ਜਾਵੇ ਤੇ ਪੰਜਾਬ ਦਾ ਪਾਣੀ ਦਿੱਲੀ ਨੂੰ ਦਿੱਤਾ ਜਾਵੇਗਾ। ਬੀਬਾ ਬਾਦਲ ਨੇ ਕਿਹਾ ਕਿ ਜੇ ਇਹੋ ਜਿਹਾ ਠੱਗ ਆ ਗਿਆ ਤਾਂ ਪੰਜਾਬ ਨੂੰ ਲੁੱਟ ਲਵੇਗਾ।
ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਸ ਨੂੰ ਪਾਰਲੀਮੈਂਟ ਤੋਂ ਬਾਹਰ ਕੱਢਿਆ ਗਿਆ ਸੀ ਕਿਉਂਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਜੇ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਸ ਨੇ ਹਰ ਨੁੱਕੜ ਵਿਚ ਸ਼ਰਾਬ ਦਾ ਠੇਕਾ ਖੋਲ੍ਹ ਦੇਣਾ ਹੈ। ਜੇਕਰ ਮੁੱਖ ਮੰਤਰੀ ਕੋਈ ਸ਼ਰਾਬੀ ਹੋਵੇ ਜਾਂ ਕੈਪਟਨ ਵਰਗਾ ਸੁਸਤ ਹੋਵੇ ਤਾਂ ਪਿੰਡ ਦਾ ਵਿਕਾਸ ਕਿਵੇਂ ਹੋਵੇਗਾ। ਮੁੱਖ ਮੰਤਰੀ ਚਿਹਰਾ ਦੇਖਣਾ ਚਾਹੀਦਾ ਹੈ ਤਾਂ ਹੀ ਹਲਕੇ, ਪਿੰਡ, ਸ਼ਹਿਰ ਤੇ ਸੂਬੇ ਦਾ ਵਿਕਾਸ ਹੋ ਸਕੇਗਾ। ਪਹਿਲਾਂ ਕੈਪਟਨ ਵਰਗੇ ਸੁਸਤ ਬੰਦੇ ਨੂੰ CM ਬਣਾ ਦਿੱਤਾ ਜਿਸ ਨੇ ਕਦੇ ਪੰਜਾਬ ਦੀ ਸਾਰ ਨਹੀਂ ਲਈ ਤੇ ਘਰੋਂ ਬਾਹਰ ਨਹੀਂ ਨਿਕਲਿਆ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਆਖਿਰ ਵਿਚ ਬੀਬਾ ਬਾਦਲ ਨੇ ਕਿਹਾ ਪੰਜਾਬ ਵਿਚ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਕਿਸਾਨਾਂ ਦੇ ਬਿੱਲ ਮੁਆਫ ਕਰਨਾ ਇਹ ਸਾਰਾ ਕੁਝ ਅਕਾਲੀ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ 2022 ਵਿਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਮੋਟਰ ਦੇ ਬਿੱਲ ਮੁਆਫ ਕੀਤੇ ਜਾਣਗੇ। ਹਰ ਬੀਬੀ ਦੇ ਖਾਤੇ ਵਿਚ 2000 ਰੁਪਏ ਪਾਏ ਜਾਣਗੇ। ਹਰ ਜਾਤੀ ਤੇ ਹਰ ਵਰਗ ਦੇ ਲੋਕਾਂ ਨੂੰ 400 ਯੂਨਿਟ ਮੁਆਫ ਕੀਤੇ ਜਾਣਗੇ। ਸਿਹਤ ਸਹੂਲਤਾਂ 10 ਲੱਖ ਦੀ ਬੀਮਾ ਹਰ ਪਰਿਵਾਰ ਦਾ ਕੀਤਾ ਜਾਵੇਗਾ । 10 ਲੱਖ ਬੱਚਿਆਂ ਦੀ ਪੜ੍ਹਾਈ ਵਾਸਤੇ ਦਿੱਤੇ ਜਾਣਗੇ। ਅਕਾਲੀ ਸਰਕਾਰ ਪੰਜਾਬ ਦੀ 100 ਸਾਲ ਪੁਰਾਣੀ ਪਾਰਟੀ ਹੈ ਤੇ ਸਾਡੇ ਵੱਲੋਂ ਲੋਕਾਂ ਨੂੰ ਝੂਠੇ ਲਾਰੇ ਨਹੀਂ ਲਗਾਏ ਜਾਂਦੇ।