ਪਾਕਿਸਤਾਨ ਵੱਲੋਂ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਦੇ ਚਾਹਵਾਨ ਹਿੰਦੂ ਸ਼ਰਧਾਲੂਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਪਾਕਿਸਤਾਨ (ਪੰਜਾਬ) ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੇ ਦਰਸ਼ਨਾਂ ਵਾਸਤੇ 112 ਵੀਜ਼ੇ ਜਾਰੀ ਕੀਤੇ ਹਨ।
ਸ਼ਰਧਾਲੂਆਂ ਦਾ ਇਹ ਜੱਥਾ 17 ਤੋਂ 23 ਦਸੰਬਰ 2021 ਤੱਕ ਪੰਜਾਬ ਦੇ ਚਕਵਾਲ ਜ਼ਿਲ੍ਹੇ ਵਿੱਚ ਸ਼੍ਰੀ ਕਟਾਸ ਰਾਜ ਮੰਦਰਾਂ, ਜਿਸ ਨੂੰ ਕਿਲਾ ਕਟਾਸ ਵਜੋਂ ਵੀ ਜਾਣਿਆ ਜਾਂਦਾ ਹੈ, ਵਿਖੇ ਦਰਸ਼ਨ ਕਰ ਸਕਣਗੇ।
ਕਟਾਸ ਮੰਦਰ ਪਾਕਿਸਤਾਨ ਵਿੱਚ ਚੱਕਵਾਲ ਤੋਂ 25 ਕਿਲੋਮੀਟਰ ਦੂਰ ਨਮਕ ਕੋਹ ਪਰਬਤ ਵਿੱਚ ਪ੍ਰਸਿੱਧ ਤੀਰਥ ਅਸਥਾਨ ਹੈ। ਇੱਥੇ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ। ਇਸ ਤੋਂ ਇਲਾਵਾ ਹੋਰ ਵੀ ਮੰਦਰ ਹਨ, ਜੋ ਦਸਵੀਂ ਸ਼ਤਾਬਦੀ ਦੇ ਦੱਸੇ ਜਾਂਦੇ ਹਨ। ਇਹ ਇਤਿਹਾਸ ਨੂੰ ਦਰਸਾਉਂਦੇ ਹਨ। ਇਤਿਹਾਸਕਾਰਾਂ ਅਤੇ ਪੁਰਾਤਤਵ ਵਿਭਾਗ ਅਨੁਸਾਰ, ਇਸ ਅਸਥਾਨ ਨੂੰ ਸ਼ਿਵ ਨੇਤਰ ਮੰਨਿਆ ਜਾਂਦਾ ਹੈ। ਜਦੋਂ ਮਾਂ ਪਾਰਬਤੀ ਸਤੀ ਹੋਈ ਤਾਂ ਭਗਵਾਨ ਸ਼ਿਵ ਦੀਆਂ ਅੱਖਾਂ ਵਿੱਚੋਂ ਦੋ ਹੰਝੂ ਟਪਕੇ। ਇੱਕ ਹੰਝੂ ਕਟਾਸ ‘ਤੇ ਟਪਕਿਆ ਜਿੱਥੇ ਅਮ੍ਰਿਤਬਣ ਗਿਆ। ਇਹ ਅੱਜ ਵੀ ਮਹਾਨ ਸਰੋਵਰ ਅਮ੍ਰਿਤ ਕੁੰਡ ਤੀਰਥ ਸਥਾਨ ਕਟਾਸ ਰਾਜ ਦੇ ਰੂਪ ਵਿੱਚ ਹੈ। ਦੂਜਾ ਹੰਝੂ ਅਜਮੇਰ ਰਾਜਸਥਾਨ ਵਿੱਚ ਟਪਕਿਆ ਅਤੇ ਇੱਥੇ ਪੁਸ਼ਕਰਰਾਜ ਤੀਰਥ ਸਥਾਨ ਹੈ।